ਚੰਡੀਗੜ੍ਹ 8 ਅਗਸਤ, (ਖ਼ਬਰ ਖਾਸ ਬਿਊਰੋ)
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸਾਰੀਆਂ ਕਿਆਸਰਾਈਆਂ ਨੂੰ ਵਿਰਾਮ ਲਗਾ ਦਿੱਤਾ ਹੈ। ਉਹਨਾਂ ਦਾ ਪਿਛਲੇ ਕਈ ਦਿਨਾਂ ਤੋ ਨਾਮ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਲਈ ਚਰਚਾ ਵਿਚ ਚੱਲ ਰਿਹਾ ਸੀ। ਪੰਜ ਮੈਂਬਰੀ ਭਰਤੀ ਕਮੇਟੀ ਵਲੋ 11 ਅਗਸਤ ਨੂੰ ਬੁਲਾਏ ਗਏ ਡ਼ੈਲੀਗੇਟ ਇਜਲਾਸ ਵਿਚ ਉਹਨਾਂ ਅਤੇ ਬੀਬੀ ਸਤਵੰਤ ਕੌਰ ਦਾ ਨਾਮ ਪ੍ਰਧਾਨਗੀ ਲਈ ਪਹਿਲੀ ਕਤਾਰ ਵਿਚ ਚੱਲ ਰਿਹਾ ਸੀ। ਪਰ ਜਥੇਦਾਰ ਨੇ ਇਹਨਾਂ ਸਾਰੀਆਂ ਕਿਆਸਰਾਈਆਂ ਨੂੰ ਵਿਰਾਮ ਲਗਾ ਦਿੱਤਾ ਹੈ। ਇਹ ਚਰਚਾ ਚੱਲ ਰਹੀ ਸੀ ਕਿ ਪੰਜ ਮੈਂਬਰੀ ਕਮੇਟੀ ਦੇ ਕਈ ਮੈਂਬਰ ਅਤੇ ਹੋਰ ਆਗੂ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਉਣ ਦੀ ਦਲੀਲ ਦੇ ਰਹੇ ਸਨ ਅਤੇ ਕਈ ਆਗੂ ਬੀਬੀ ਸਤਵੰਤ ਕੌਰ ਨੂੰ ਪ੍ਰਧਾਨ ਬਣਾਉਣ ਉਤੇ ਸਹਿਮਤੀ ਦੇ ਰਹੇ ਹਨ। ਵੈਸੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਜਦੋਂ ਕਿ ਮਨਪ੍ਰੀਤ ਸਿੰਘ ਇਯਾਲੀ ਵਲੋਂ ਵੀ ਖੁਦ ਪਿੱਛੇ ਹਟ ਜਾਣ ਦੀ ਜਾਣਕਾਰੀ ਸਾਹ੍ਮਣੇ ਆ ਰਹੀ ਹੈ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ 11 ਅਗਸਤ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਦਾ ਤਾਜ਼ ਕਿਸ ਵਿਅਕਤੀ ਦੇ ਸਿਰ ਉਤੇ ਸਜੇਗਾ।

ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੇ ਕਹੀ ਇਹ ਗ੍ੱਲ
ਪੰਜ ਮੈਂਬਰੀ ਕਮੇਟੀ ਵੱਲੋਂ 11 ਅਗਸਤ ਨੂੰ ਚੋਣ ਇਜਲਾਸ ਰੱਖਿਆ ਗਿਆ ਹੈ। ਮੇਰੇ ਕੋਲ ਜਾਣਕਾਰੀ ਪੁੱਜ ਰਹੀ ਹੈ ਕਿ ਉਸ ਚੋਣ ਵਿੱਚ ਮੇਰੇ ਨਾਮ ਦੀ ਅਤੇ ਬੀਬੀ ਸਤਵੰਤ ਕੌਰ ਜੀ ਜੋ ਕਿ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਹਨ, ਸਾਡੇ ਦੋਵਾਂ ਦੇ ਨਾਮ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਲਈ ਵਿਚਾਰੇ ਜਾ ਰਹੇ ਹਨ। ਕੁਝ ਮੇਰੇ ਤੇ ਕੁਝ ਬੀਬੀ ਦੇ ਸਮਰਥਨ ਵਿੱਚ ਵਿਚਾਰ ਪ੍ਰਗਟ ਹੋ ਰਹੇ ਹਨ। ਮੇਰੇ ਮਨ ਵਿੱਚ ਅਪਣੀ ਉਸ ਭੈਣ ਦੇ ਪ੍ਰਤੀ ਬਹੁਤ ਸਤਿਕਾਰ ਹੈ। ਇਸ ਲਈ ਪੰਜ ਮੈਂਬਰੀ ਕਮੇਟੀ ਨੂੰ ਮੇਰੇ ਵੱਲੋਂ ਅਪੀਲ ਹੈ ਕਿ ਬੀਬੀ ਸਤਵੰਤ ਕੌਰ ਦੇ ਮੁਕਾਬਲੇ ਮੈਂ ਕਿਸੇ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਨਹੀ। ਇਸ ਲਈ ਮੇਰਾ ਨਾਮ ਪ੍ਰਧਾਨਗੀ ਲਈ ਨਾ ਵਿਚਾਰਿਆ ਜਾਵੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ।
ਵਰਨਣਯੋਗ ਹੈ ਕਿ 2 ਦਸੰਬਰ, 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਕਰਨ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ। ਕੁਝ ਦੇਰ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਮੁਖੀ ਕ੍ਰਿਪਾਲ ਸਿੰਘ ਬੰਡੂਗਰ ਦੇ ਅਸਤੀਫ਼ਾ ਦੇ ਦਿੱਤਾ ਸੀ, ਇਸ ਤਰਾਂ ਪੰਜ ਮੈਂਬਰੀ ਕਮੇਟੀ ਨੇ ਭਰਤੀ ਪ੍ਰੀਕਿਰਿਆ ਨੂੰ ਪੂਰਾ ਕਰਦੇ ਹੋਏ 15 ਲੱਖ ਮੈਂਬਰਾਂ ਦੀ ਭਰਤੀ ਕਰਨ ਦਾ ਦਾਅਵਾ ਕੀਤਾ ਹੈ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਸੁਖਬੀਰ ਧੜੇ ਨੇ ਵੀ ਇਹੀ ਦਾਅਵਾ ਕੀਤਾ ਸੀ। ਉਨ੍ਹਾਂ ਨੇ ਆਪਣੀ ਭਰਤੀ ਪ੍ਰਕਿਰਿਆ ਪੂਰੀ ਕਰ ਲਈ ਹੈ ਅਤੇ ਆਪਣਾ ਸਾਰਾ ਰਿਕਾਰਡ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਹੈ।
ਪੰਜ ਮੈਂਬਰੀ ਕਮੇਟੀ ਨੇ ਹੁਣ ਸ਼੍ਰੋਮਣੀ ਕਮੇਟੀ ਤੋਂ ਤੇਜਾ ਸਿੰਘ ਸਮੁੰਦਰ ਹਾਲ ਦੀ ਮੰਗ ਕੀਤੀ ਹੈ ਪਰ ਉਨ੍ਹਾਂ ਨੂੰ ਬੁਰਜ ਅਕਾਲੀ ਫੂਲਾ ਸਿੰਘ ਹਾਲ ਜਾਂ ਭਾਈ ਗੁਰਦਾਸ ਹਾਲ ਮਿਲਣ ਦੀ ਸੰਭਾਵਨਾਂ ਹੈ, ਜਿੱਥੇ 11 ਅਗਸਤ ਨੂੰ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲ ਜਾਵੇਗਾ।