ਮੋਰਿੰਡਾ 27 ਜੁਲਾਈ ( ਖ਼ਬਰ ਖਾਸ ਬਿਊਰੋ)
ਮਹਿਲਾ ਮੰਡਲ ਮੋਰਿੰਡਾ ਵਲੋਂ ਤੀਆਂ ਦਾ ਇਤਹਾਸਿਕ ਤਿਉਹਾਰ ਉਤਸ਼ਾਹ ਪੂਰਵਕ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਮੰਡਲ ਦੀ ਆਗੂ ਰਜਨੀ ਨੇ ਦੱਸਿਆ ਕਿ ਇਸ ਮੌਕੇ ਪੰਜਾਬੀ ਸੂਟਾਂ ਅਤੇ ਫੁਲਕਾਰੀਆਂ ਵਿਚ ਸਜੀਆਂ ਮੁਟਿਆਰਾਂ ਨੇ ਗਿੱਧੇ, ਭੰਗੜੇ, ਡਾਂਸ, ਅਤੇ ਗੀਤ ਸੰਗੀਤ ਵਿੱਚ ਭਾਗ ਲਿਆ। ਰੰਗ ਬਿਰੰਗੀਆਂ ਰਵਾਇਤੀ ਪੋਸ਼ਾਕਾਂ ਵਿੱਚ ਸਜੀਆਂ ਮਹਿਲਾਵਾਂ , ਮੁਟਿਆਰਾਂ ਅਤੇ ਬੱਚਿਆਂ ਨੇ ਤੀਜ ਦੇ ਗੀਤ ਗਾਏ ਅਤੇ ਪੰਜਾਬੀ ਸਭਿਆਚਾਰ ਨਾਲ ਸਬੰਧਤ ਬੋਲੀਆਂ ਪਾਈਆਂ। ਬੱਚੀਆਂ ਵੱਲੋਂ ਗੀਤ ਗਾਏ, ਗਿੱਧਾ ਤੇ ਡਾਂਸ ਦੀ ਪੇਸ਼ਕਾਰੀ ਪੇਸ਼ ਕੀਤੀ ਗਈ। ਇਸ ਮੌਕੇ ਪੇਸ਼ ਕੀਤੇ ਸਭਿਆਚਾਰਕ ਪ੍ਰੋਗਰਾਮ ਤੋਂ ਪੰਜਾਬ ਦੇ ਵਿਰਸੇ ਦੀ ਝਲਕ ਸਾਫ ਦਿਖਾਈ ਦਿਤੀ ।
ਹੱਥਾਂ ਤੇ ਮਹਿੰਦੀ ਲਗਾ ਕੇ ਸੱਜੀਆਂ ਧਜੀਆਂ ਮਹਿਲਾਵਾਂ ਦੁਆਰਾ ਗਾਣਿਆਂ ਉੱਤੇ ਖੂਬ ਡਾਂਸ ਕੀਤਾ । ਇਸ ਸਮੇਂ ਮੁਟਿਆਰਾਂ ਵਲੋਂ ਹੱਥਾਂ ਵਿੱਚ ਆਪ ਬਣਾਈਆਂ ਪੱਖੀਆਂ, ਆਪ ਕਢਾਈ ਕੀਤੀਆਂ ਚਾਦਰਾਂ, ਪੀੜੀਆਂ, ਫੜੀਆਂ ਹੋਈਆਂ ਸਨ ਅਤੇ ਕਈ ਮੁਟਿਆਰਾਂ ਚਰਖ਼ੇ ਕੱਤ ਰਹੀਆਂ ਸਨ। ਇਥੇ ਹੀ ਬੱਸ ਨਹੀਂ ਮੁਟਿਆਰਾਂ ਨੇ ਅੱਜ ਪੀਂਘਾਂ ਝੂਟ ਕੇ ਪੁਰਾਣੀਆਂ ਰਵਾਇਤਾਂ ਨੂੰ ਕਾਇਮ ਰੱਖਿਆ। ਇੱਕ ਦੂਜੇ ਨੂੰ ਤੀਆਂ ਦੀਆਂ ਵਧਾਈਆਂ ਦਿੱਤੀਆਂ।
ਇਸ ਸਮੇਂ ਮਹਿਲਾ ਚੇਤਨਾ ਮੰਚ ਦੀ ਆਗੂ ਸਰਲਾ ਦੇਵੀ,ਰਜਿੰਦਰ ਕੌਰ ਜੀਤ ਅਤੇ ਰਾਜਵੰਤ ਕੌਰ ਨੇ ਆਖਿਆ ਕਿ ਪੰਜਾਬੀ ਸਭਿਆਚਾਰ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹੈ ਅਤੇ ਤੀਆਂ ਇਹ ਆਪਸੀ ਸਾਂਝ, ਖੁਸ਼ੀਆਂ, ਚਾਵਾਂ ਤੇ ਉਮੰਗਾਂ ਦਾ ਪ੍ਰਤੀਕ ਹੈ।ਇਸ ਮੌਕੇ ਪ੍ਰਬੰਧਕਾਂ ਵੱਲੋਂ ਮਠਿਆਈਆਂ ਅਤੇ ਸਮੌਸੇ ਬਗੈਰਾ ਵੰਡ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮਹਿਲਾ ਮੰਡਲ ਦੀ ਆਗੂ, ਮਹਿਲਾ ਚੇਤਨਾ ਮੰਚ ਦੀ ਆਗੂ ਸਵਰਨਜੀਤ ਕੌਰ, ਪ੍ਰਵੀਨ ਕੌਰ, ਮੱਧੂ ਬਾਲਾ, ਰਜਨੀ, ਅਮਨਦੀਪ ਕੌਰ, ਸੁਨੈਨਾ,ਲਲਿਤਾ, ਅਵਨੀਤ ਕੌਰ ਦਿਕਸ਼ਾ, ਪਰਮਜੀਤ ਕੌਰ, ਅਮਨਪ੍ਰੀਤ ਕੌਰ, ਅਰਸ਼ਪ੍ਰੀਤ ਕੌਰ ਦਰਸ਼ਨ ਕੌਰ, ਜਰਨੈਲ ਕੌਰ,ਸਮੇਤ ਅਨੇਕਾਂ ਮਹਿਲਾਵਾਂ ਹਾਜ਼ਰ ਸਨ।