ਚੰਡੀਗੜ੍ਹ 23 ਜੁਲਾਈ ( ਖ਼ਬਰ ਖਾਸ ਬਿਊਰੋ)
ਹਾਲਾਂਕਿ ਵਿਧਾਨ ਸਭਾ ਦੀਆਂ ਚੋਣਾਂ ਅਜੇ ਦੂਰ ਹਨ, ਪਰ ਕਾਂਗਰਸ ਦੇ ਜਥੇਬੰਦਕ ਢਾਂਚੇ ਵਿਚ ਤਬਦੀਲੀ ਦੀ ਚੱਲ ਰਹੀ ਕਨਸੋਅ ਦਰਮਿਆਨ ਜਲੰਧਰ ਤੋ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਅੱਜ ਸਾਬਕਾ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋ ਨਾਲ ਵਿਸ਼ੇਸ਼ ਮੀਟਿੰਗ ਕੀਤੀ ਹੈ। ਹਾਲਾਂਕਿ ਦੋਵੇਂ ਆਗੂ ਹਾਲਚਾਲ ਪੁੱਛਣ ਅਤੇ ਰਸਮੀ ਮੀਟਿੰਗ ਹੋਣ ਦਾ ਦਾਅਵਾ ਕਰ ਰਹੇ ਹਨ, ਪਰ ਸਿਆਸੀ ਪੰਡਤ ਇਸ ਮੀਟਿੰਗ ਦੇ ਕਈ ਮਾਅਨੇ ਕੱਢ ਰਹੇ ਹਨ। ਇਥੇ ਦੱਸਿਆ ਜਾਂਦਾ ਹੈ ਕਿ ਸਮਸ਼ੇਰ ਸਿੰਘ ਦੂਲੋ ਅਤੇ ਪਰਗਟ ਸਿੰਘ ਬੇਬਾਕੀ ਨਾਲ ਗੱਲ ਕਹਿਣ ਵਜੋਂ ਜਾਣੇ ਜਾਂਦੇ ਹਨ। ਕਾਂਗਰਸ ਦੇ ਇਹ ਦੋਵੇ ਆਗੂ ਆਪਣੀ ਪਾਰਟੀ ਦੇ ਅੰਦਰ ਵੀ ਬੇਬਾਕੀ ਨਾਲ ਗੱਲ ਕਰਦੇ ਆ ਰਹੇ ਹਨ।
ਜਾਣਕਾਰੀ ਅਨੁਸਾਰ ਪਰਗਟ ਸਿੰਘ ਅਤੇ ਲਾਡੀ ਸ਼ੇਰੋਵਾਲੀਆ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਦੀ ਖੰਨਾ ਵਿਚ ਸਥਿਤ ਉਹਨਾਂ ਦੀ ਫੈਕਟਰੀ ਪੁੱਜੇ ਅਤੇ ਕਰੀਬ ਇਕ ਘੰਟਾ ਮੀਟਿੰਗ ਹੋਈ। ਸਿਆਸੀ ਮਾਹਿਰ ਇਸ ਮੀਟਿੰਗ ਨੂੰ ਪੰਜਾਬ ਕਾਂਗਰਸ ਵਿਚ ਤਬਦੀਲੀ ਅਤੇ ਭਵਿੱਖ ਦੀ ਰਣਨੀਤੀ ਵਜੋਂ ਦੇਖ ਰਹੇ ਹਨ। ਪਿਛਲੇ ਦਿਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਅਤੇ ਭਾਜਪਾ ਵਿਚ ਗਠਜੋੜ ਹੋਣ ਦੀ ਗੱਲ ਕਹੀ ਹੈ। ਸੰਭਾਵਨਾਂ ਹੈ ਕਿ ਅਕਾਲੀ ਦਲ ਤੇ ਭਾਜਪਾ ਦਾ ਮੁੜ ਗਠਜੋੜ ਹੋ ਜਾਵੇ। ਜਿਸਨੂੰ ਦੇਖਦੇ ਹੋਏ ਪੰਜਾਬ ਕਾਂਗਰਸ ਨੇ ਵੀ ਹਲਚਲ ਤੇਜ਼ ਕਰ ਦਿਤੀ ਹੈ ਕਿ ਕਿਸ ਤਰ੍ਹਾ ਸਾਰੇ ਧੜਿਆ ਨੂੰ ਇਕ ਕੀਤਾ ਜਾਵੇ ਤਾਂ ਜੋ ਮਿਸ਼ਨ 2027 ਨੂੰ ਫਤੇਹ ਕੀਤਾ ਜਾ ਸਕੇ।
ਇਸ ਸਮੇਂ ਕਾਂਗਰਸ ਕਈ ਧੜਿਆਂ ਵਿੱਚ ਵੰਡੀ ਹੋਈ ਹੈ । ਅਜਿਹੀ ਸਥਿਤੀ ਵਿੱਚ ਪ੍ਰਗਟ ਸਿੰਘ ਦੇ ਦੂਲੋ ਕੋਲ ਜਾਣ ਨੂੰ ਉਨ੍ਹਾਂ ਤੋਂ ਸਮਰਥਨ ਮੰਗਣ ਵਜੋਂ ਵੀ ਦੇਖਿਆ ਜਾ ਰਿਹਾ ਹੈ। ਪ੍ਰਗਟ ਸਿੰਘ ਨੂੰ ਆਪਣੀ ਗੱਲ ਸਾਫ਼-ਸਾਫ਼ ਕਹਿਣ ਦੇ ਮਾਹਿਰ ਮੰਨਿਆ ਜਾਂਦਾ ਹੈ। ਤਾਜ਼ਾ ਹੋਏ ਵਿਧਾਨ ਸਭਾ ਚੋਣਾਂ ਵਿਚ ਬੇਅਦਬੀ ਦੇ ਮੁੱਦੇ ਉਤੇ ਪਰਗਟ ਸਿੰਘ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਖਾਸਕਰਕੇ ਬਾਦਲ ਪਰਿਵਾਰ, ਭਾਜਪਾ ਅਤੇ ਆਪ ਆਗੂਆਂ ਨੂੰ ਕਰੜੇ ਹੱਥੀ ਲਿਆ ਹੈ।
ਜਾਣਕਾਰੀ ਅਨੁਸਾਰ ਪਰਗਟ ਸਿੰਘ ਨੇ ਸਮਸ਼ੇਰ ਸਿੰਘ ਦੂਲੋ ਨੂੰ ਸਾਰੇ ਹਮਖਿਆਲੀ ਆਗੂਆਂ ਨੂੰ ਇਕੱਠੇ ਹੋਣ ਦੀ ਗੱਲ ਕਹੀ ਹੈ ਤਾਂ ਦੂਲੋ ਨੇ ਕਾਂਗਰਸ ਵਿਚ ਮਾਫ਼ੀਆ ਚਲਾਉਣ ਵਾਲੇ ਅਤੇ ਜਿਹਨਾਂ ਉਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ, ਉਹਨਾਂ ਖਿਲਾਫ਼ ਵੀ ਆਵਾਜ ਚੁੱਕਣ ਦੀ ਗ੍ਲ ਕਹੀ ਹੈ।