ਚੰਡੀਗੜ੍ਹ 22 ਜੁਲਾਈ (ਖ਼ਬਰ ਖਾਸ ਬਿਊਰੋ)
ਸੀਨੀਅਰ ਅਕਾਲੀ ਆਗੂ ਤਰਸੇਮ ਸਿੰਘ ਗੰਧੋਂ, ਸਟੇਟ ਡੇਲੀਗੇਟ ਸ਼੍ਰੋਮਣੀ ਅਕਾਲੀ ਦਲ, ਨੇ ਕਿਹਾ ਕਿ ਸਿੱਖਾਂ ਦੇ ਸਭ ਤੋਂ ਪ੍ਰਮੁੱਖ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਹਰ ਦਿਨ ਮਿਲ ਰਹੀਆਂ ਧਮਕੀਆਂ ਅਤੇ ਪੰਜਾਬ ਦੇ ਵਿੱਚ ਹਰ ਰੋਜ਼ ਹੋਰ ਹੀ ਅੰਨੇ ਵਾਹ ਗੋਲੀਬਾਰੀ ਅਤੇ ਹੋਰ ਅਣਮਨੁੱਖੀ ਘਟਨਾਵਾਂ ਤੋਂ ਪੰਜਾਬ ਦੀ ਜਨਤਾ ਦੁਖੀ ਹੋ ਚੁੱਕੀ ਹੈ, ਜਿਸ ਕਾਰਨ ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਰਾਹੀਂ ਚਲਾਏ ਜਾ ਰਹੇ ਜੰਗਲ ਰਾਜ ਤੋਂ ਛੁਟਕਾਰਾ ਚਾਹੁੰਦੀ ਹੈ।
ਉਹਨਾਂ ਨੇ ਅੱਗੇ ਕਿਹਾ ਕਿ ਮੌਜੂਦ ਆ ਪੰਜਾਬ ਸਰਕਾਰ ਬਦਲਾਖੋਰੀ ਦੀ ਨੀਤੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਨੇਤਾਵਾਂ ਨੂੰ ਸਰਕਾਰੀ ਮਸ਼ੀਨਰੀ ਦੁਰ ਉਪਯੋਗ ਕਰਕੇ ਝੂਠੇ ਅਪਰਾਧਿਕ ਮਾਮਲਿਆਂ ਵਿੱਚ ਵਿੱਚ ਫਸਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਵੀ ਜ਼ਬਰਦਸਤੀ ਦਖਲ ਅੰਦਾਜੀ ਕਰ ਰਹੀ ਹੈ। ਉਹਨਾਂ ਕਿਹਾ ਕਿ ਸਿੱਖਾਂ ਨੇ ਆਪਣੇ ਧਾਰਮਿਕ ਮਾਮਲਿਆਂ ਲਈ ਐਸਜੀਪੀਸੀ ਦਾ ਗਠਨ ਕੀਤਾ ਹੋਇਆ ਹੈ ਪਰੰਤੂ ਪੰਜਾਬ ਸਰਕਾਰ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ 350 ਸਾਲਾ ਸਮਾਗਮ ਵੱਖਰੇ ਤੌਰ ਤੇ ਮਨਾ ਕੇ ਐਸਜੀਪੀਸੀ ਦੀ ਹੋਂਦ ਨੂੰ ਚੁਣੌਤੀ ਦੇ ਰਹੀ ਹੈ।
ਇਸ ਦੌਰਾਨ ਉਨਾਂ ਨੇ ਅੱਗੇ ਬੋਲਦਿਆਂ ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਸ਼ੰਸਾ ਕੀਤੀ ਜਿਨਾਂ ਨੇ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਗਠਜੋੜ ਲਈ ਕਦਮ ਅੱਗੇ ਵਧਾਇਆ ਹੈ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਰਾਜ ਕਮੇਟੀ ਅਤੇ ਪ੍ਰਧਾਨ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠ ਜੋੜ ਲਈ ਵਿਚਾਰ ਵਿਮਰਸ਼ ਕਰੇ, ਜਿਸ ਨਾਲ ਕੀ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਹੋ ਸਕੇ ਅਤੇ ਆਗਾਮੀ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੀ ਸਰਕਾਰ ਹੋਂਦ ਵਿੱਚ ਆ ਸਕੇ।
ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੈਂਡ ਪੂਲਿੰਗ ਨੀਤੀ ਰਾਹੀਂ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਦੀ ਜਮੀਨ ਤੇ ਕਬਜਾ ਕਰ ਰਹੀ ਹੈ ਉਹਨਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਲੈਂਡ ਪੂਲਿੰਗ ਨੀਤੀ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਕਿਸਾਨਾਂ ਦੀ ਲੁੱਟ ਬੰਦ ਕੀਤੀ ਜਾਵੇ।