ਚੰਡੀਗੜ੍ਹ, 16 ਜੁਲਾਈ (ਖ਼ਬਰ ਖਾਸ ਬਿਊਰੋ)
ਇੰਡੀਅਨ ਜਰਨਲਿਸਟ ਯੂਨੀਅਨ (IJU) ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ (PCJU) ਨੇ ਬਿਹਾਰ ਪੁਲਿਸ ਵਲੋਂ ਖ਼ੋਜੀ ਪੱਤਰਕਾਰ ਅਜੀਤ ਅੰਜੁਮ ਵਿਰੁੱਧ ਕੇਸ ਦਰਜ ਕਰਨ ਦੇ ਮਾਮਲੇ ਦੀ ਨਿੰਦਾ ਕੀਤੀ ਗਈ ਹੈ।
ਇੰਡੀਅਨ ਜਰਨਲਿਸਟ ਯੂਨੀਅਨ (IJU) ਦੇ ਪ੍ਰਧਾਨ ਸ਼ੀਨਿਵਾਸ ਰੈਡੀ, ਜਨਰਲ ਸਕੱਤਰ ਬਲਵਿੰਦਰ ਸਿੰਘ ਜੰਮੂ ਅਤੇ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਚੇਅਰਮੈਨ ਬਲਵਿੰਦਰ ਸਿੰਘ ਜੰਮੂ, ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ, ਸਕੱਤਰ ਜਨਰਲ ਭੂਸ਼ਨ ਸੂਦ ਅਤੇ ਜਥੇਬੰਦਕ ਸਕੱਤਰ ਸੰਤੋਖ ਗਿੱਲ ਨੇ ਕਿਹਾ ਕਿ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਮੁਹਿੰਮ ਬਾਰੇ ਸਚਾਈ ਸਾਹਮਣੇ ਲਿਆਉਣ ਬਦਲੇ ਬਿਹਾਰ ਪੁਲੀਸ ਵੱਲੋਂ ਚੋਣ ਕਮਿਸ਼ਨ ਦੇ ਇਸ਼ਾਰੇ ‘ਤੇ ਇੱਕ ਬੀ.ਐੱਲ.ਓ ਦੀ ਝੂਠੀ ਸ਼ਿਕਾਇਤ ਉਪਰ ਝੂਠਾ ਕੇਸ ਦਰਜ਼ ਕੀਤਾ ਗਿਆ ਹੈ।
ਯੂਨੀਅਨ ਦੇ ਆਗੂਆਂ ਨੇ ਬਿਹਾਰ ਸਰਕਾਰ ਅਤੇ ਚੋਣ ਕਮਿਸ਼ਨ ਦੇ ਇਸ ਕਦਮ ਨੂੰ ਮੀਡੀਆ ਦੀ ਅਜ਼ਾਦੀ ਉਪਰ ਗੰਭੀਰ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਾਮਵਰ ਪੱਤਰਕਾਰ ਅੰਜੁਮ ਖ਼ਿਲਾਫ਼ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਫ਼ਿਰਕੂ ਨਫ਼ਰਤ ਪੈਦਾ ਕਰਨ ਸਮੇਤ ਹੋਰ ਦੋਸ਼ ਝੂਠੇ ਅਤੇ ਬੇਬੁਨਿਆਦ ਹਨ, ਉਨ੍ਹਾਂ ਅਜੀਤ ਅੰਜੁਮ ਖ਼ਿਲਾਫ਼ ਦਰਜ ਅਪਰਾਧਿਕ ਕੇਸ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਚੋਣ ਕਮਿਸ਼ਨ, ਕੇਂਦਰ ਅਤੇ ਸੂਬਾ ਸਰਕਾਰ ਅਜੀਤ ਅੰਜੁਮ ਵੱਲੋਂ ਉਠਾਏ ਬੁਨਿਆਦੀ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਵੋਟ-ਬੰਦੀ ਦੇ ਨਾਲ ਹੀ ਸੱਚ ਦੀ ਅਵਾਜ਼ ਬੰਦ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਪੱਤਰਕਾਰ ਭਾਈਚਾਰੇ ਨੂੰ ਮੀਡੀਆ ਦੀ ਅਜ਼ਾਦੀ ਉਪਰ ਹਮਲੇ ਦਾ ਹਰ ਪੱਧਰ ‘ਤੇ ਅਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ।