ਹੇਸਟਿੰਗਜ਼, ਨਿਊਜ਼ੀਲੈਂਡ 12 ਜੁਲਾਈ (ਖ਼ਬਰ ਖਾਸ ਬਿਊਰੋ)
ਸ੍ਰੀ ਗੁਰੂ ਰਵਿਦਾਸ ਟੈਂਪਲ ਹੇਸਟਿੰਗ ਨਿਊਜ਼ੀਲੈਂਡ ਵਿੱਚ ਸ੍ਰੀ ਰਵਿਦਾਸ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਜਾਗਰਤੀ ਸਮਾਗਮ ਕਰਾਇਆ ਗਿਆ, ਜਿਸ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਮੁੱਖ ਬੁਲਾਰੇ ਦੇ ਰੂਪ ਵਿੱਚ ਸ਼ਾਮਿਲ ਹੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਸੁਖਮਣੀ ਸਾਹਿਬ ਦੇ ਪਾਠਾਂ ਦੇ ਭੋਗ ਉਪਰੰਤ ਗਹਿਨ ਗੰਭੀਰ ਚਰਚਾ ਸ਼ੁਰੂ ਹੋਈ ਜਿਸ ਨੂੰ ਸ਼ਿਖਰ ਦਿੰਦਿਆਂ ਜਸਵੀਰ ਸਿੰਘ ਗੜੀ ਨੇ ਆਪਣੀ ਸੰਬੋਧਨ ਵਿੱਚ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਖ ਵੱਖ ਜਾਤਾ ਧਰਮਾਂ ਦੇ ਮਹਾਂਪੁਰਸ਼ਾਂ ਨੂੰ ਸੰਕਲਿਤ ਕਰਕੇ ਬਾਣੀ ਸੰਪਾਦਿਤ ਕਰਕੇ ਮਾਨਸ ਕੀ ਜਾਤੀ ਸਭੇ ਏਕੇ ਪਹਿਚਾਣਬੋ ਦਾ ਸੰਕਲਪ ਦਿੱਤਾ ਗਿਆ।
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨੇ ਬੇਗਮਪੁਰਾ ਸ਼ਹਿਰ ਕੋ ਨਾਉ ਦੁਖਨ ਦੋ ਨਹੀ ਤੇ ਠਾਉ ਅਤੇ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਕਹਿ ਕਬੀਰ ਜਨ ਭਏ ਖਾਲਸੇ ਜਿਨ ਪ੍ਰੇਮ ਭਗਤ ਕੀਨੀ ਦੀ ਵਿਚਾਰਧਾਰਾ ਦੇ ਆਧਾਰ ਤੇ ਬੇਗਮਪੁਰਾ ਖਾਲਸਾ ਰਾਜ ਦਾ ਸੰਕਲਪ ਪੂਰਾ ਕਰਨ ਲਈ ਸੰਗਤਾਂ ਨੂੰ ਲਾਮਬੰਦ ਹੋਣ ਲਈ ਪ੍ਰੇਰਿਤ ਕੀਤਾ। ਸਰਦਾਰ ਗੜੀ ਨੇ ਸੰਗਤਾਂ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਪਰਾਧੀਨਤਾ ਪਾਪ ਹੈ, ਐਸਾ ਚਾਹੂ ਰਾਜ ਮੈ, ਏਕ ਸੁਖ ਸਵਰਾਜ ਮੇ, ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਨਹੀ ਤੇ ਠਾਉ, ਆਦਿ ਬਾਣੀ ਦੀ ਓਟ ਆਸਰਾ ਲੈਂਦੇ ਹੋਏ ਸਮੁੱਚੇ ਸਮਾਜ ਨੂੰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੁਪਨਾ ਇਨ ਗਰੀਬ ਸਿੱਖਣ ਕੋ ਦੇਊ ਪਾਤਸ਼ਾਹੀ ਦੇ ਆਧਾਰ ਤੇ ਇਕੱਠਾ ਹੋਣ ਲਈ ਸੁਨੇਹਾ ਦਿੱਤਾ। ਸਰਦਾਰ ਗੜੀ ਨੇ ਕਿਹਾ ਕਿ ਬਾਣੀ ਵਿੱਚ ਦਰਜ ਹੈ ਇੱਕ ਪ੍ਰੇਮ ਭਗਤੀ ਨਾ ਉਪਜੇ ਤਾ ਤੇ ਰਵਿਦਾਸ ਉਦਾਸ ਦੇ ਆਧਾਰ ਤੇ ਸਮੁੱਚੀਆਂ ਜਾਤਾਂ ਧਰਮਾਂ ਦੇ ਭਾਈਚਾਰਿਆਂ ਨੂੰ ਆਪਸੀ ਮੇਲ ਵਰਤਣ ਦਾ ਆਧਾਰ ਬਾਣੀ ਤੇ ਆਧਾਰਿਤ ਪ੍ਰੇਮ ਭਾਉ ਨੂੰ ਬਣਾ ਕੇ ਲਾਮਬੰਦ ਹੋਣਾ ਚਾਹੀਦਾ ਹੈ।
ਗੜੀ ਨੇ ਪੰਜਾਬ ਇਸ ਸੂਚਿਤ ਜਾਤੀਆਂ ਕਮਿਸ਼ਨ ਸਬੰਧੀ ਬੋਲਦਿਆਂ ਦੱਸਿਆ ਕਿ ਪਿਛਲੇ 10 ਸਾਲਾਂ ਦਾ ਰਿਕਾਰਡ ਸੀ ਕਿ ਹਰ ਸਾਲ 1500 ਦੇ ਲਗਭਗ ਸ਼ਿਕਾਇਤਾਂ ਕਮਿਸ਼ਨ ਦੇ ਦਫਤਰ ਪੁੱਜਦੀਆਂ ਸਨ ਪਰੰਤੂ ਜਦੋਂ ਤੋਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਉਹਨਾਂ ਦੀ ਨਿਯੁਕਤੀ ਹੋਈ ਹੈ ਅੱਜ 1500 ਤੋਂ ਜਿਆਦਾ ਸ਼ਿਕਾਇਤਾਂ ਕਮਿਸ਼ਨ ਦੇ ਦਫਤਰ ਵਿੱਚ ਸਿਰਫ ਤਿੰਨ ਮਹੀਨਿਆਂ ਵਿੱਚ ਪੁੱਜ ਚੁੱਕੀਆਂ ਹਨ। ਇਹ ਦਰਸ਼ਾਉਂਦਾ ਹੈ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਕੰਮਕਾਜ ਵਿੱਚ ਆਮ ਲੋਕਾਂ ਦਾ ਭਰੋਸਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਆਮ ਲੋਕਾਂ ਵਿੱਚ ਇਹ ਚਰਚਾ ਹੈ ਕਿ ਸਾਡੀ ਬਾਂਹ ਕਮਿਸ਼ਨ ਦੇ ਦਫਤਰ ਵਿੱਚ ਜਰੂਰ ਫੜੀ ਜਾਏਗੀ ਅਤੇ ਸਾਡਾ ਦੁੱਖ ਦਰਦ ਕਮਿਸ਼ਨ ਦੇ ਦਫਤਰ ਵਿੱਚ ਸੁਣ ਕੇ ਇਨਸਾਫ ਜਰੂਰ ਮਿਲੇਗਾ।
ਮੰਚ ਮੰਚ ਸੰਚਾਲਨ ਕਰਦਿਆਂ ਉੱਘੇ ਸਮਾਜ ਸੇਵੀ ਅਤੇ ਪੱਤਰਕਾਰ ਸ੍ਰੀ ਮਨਜੀਤ ਸੰਧੂ ਨੇ ਆਮ ਲੋਕਾਂ ਵਿੱਚ ਸੁਨੇਹਾ ਦਿੰਦਿਆਂ ਇਹ ਅਪੀਲ ਕੀਤੀ ਕਿ ਜਦੋਂ ਵੀ ਸਰਦਾਰ ਜਸਵੀਰ ਸਿੰਘ ਗੜੀ ਨਿਊਜ਼ੀਲੈਂਡ ਦੇ ਦੌਰੇ ਤੇ ਆਉਣ ਉਹ ਹੇਸਟਿਗਸ ਦੇ ਗੁਰਦੁਆਰਾ ਸਾਹਿਬ ਵਿੱਚ ਜਰੂਰ ਹਾਜਰੀ ਲਗਾਕੇ ਜਾਣ, ਅਤੇ ਸੰਗਤਾਂ ਅਤੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕਰਨ।
ਸੰਗਤਾਂ ਦੇ ਵਿਸ਼ਾਲ ਇਕੱਠ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸ਼੍ਰੀ ਰਮਨ ਕਾਂਤ, ਉਪ-ਪ੍ਰਧਾਨ ਜਸਵਿੰਦਰ ਕੁਮਾਰ, ਸਕੱਤਰ ਜੋਗਾ ਸਿੰਘ, ਉਪ-ਸਕੱਤਰ ਰਵੀ ਕੁਮਾਰ, ਮਹਿਮੀ, ਖਜਾਨਚੀ ਮਨਜੀਤ ਸੰਧੂ, ਉਪ-ਖਜਾਨਚੀ ਜਸਵਿੰਦਰ ਸਹਜਲ਼, ਰਾਮਜੀਤ ਸਿੰਘ, ਇਸ ਹਿਸਾਬ ਨਾਲ ਚਰਨਦਾਸ, ਟਹਿਲ ਰਾਮ, ਮਹਿੰਦਰ ਪਾਲ, ਸੋਹਨ ਲਾਲ, ਗੁਰਬਖ਼ਸ਼ ਕੌਰ, ਕਸ਼ਮੀਰ ਕੌਰ, ਨੀਲਮ ਰਾਣੀ, ਹੇਮਾ ਚੁੰਬਰ, ਗੁਰਪ੍ਰੀਤ ਮੱਲ, ਸੁਰਿੰਦਰ ਮਾਹੀ ਆਦੀ ਹਾਜਰ ਸਨ।