ਅੰਮ੍ਰਿਤਸਰ, 13 ਮਈ ( ਖ਼ਬਰ ਖਾਸ ਬਿਊਰੋ )
25 ਮਈ ਤੋਂ ਆਰੰਭ ਹੋ ਰਹੀ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਹ ਸਾਲ ਸ਼ਰਧਾਲੂਆਂ ਲਈ ਹੋਰ ਵੀ ਸੁਖਾਲੀ ਹੋ ਜਾਵੇਗੀ। ਇਸ ਸਾਲ ਉੱਤਰਾਖੰਡ ਦੇ ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਨਵੀਂ ਹੈਲੀਕਾਪਟਰ ਸੇਵਾ ਸ਼ੁਰੂ ਹੋ ਰਹੀ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਦੇਹਰਾਦੂਨ ਵਿਚਾਲੇ ਹਵਾਈ ਸੇਵਾ ਚੱਲ ਰਹੀ ਹੈ। ਇਸ ਤੋਂ ਪਹਿਲਾਂ ਹਰ ਸਾਲ ਗੁਰਦੁਆਰਾ ਗੋਬਿੰਦ ਘਾਟ ਤੋਂ ਘਾਗਰੀਆਂ ਤੱਕ ਹੈਲੀਕਾਪਟਰ ਸੇਵਾ ਚੱਲ ਰਹੀ ਸੀ।
ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਸ਼ੁਰੂਆਤ ਲਈ ਚੱਲ ਰਹੇ ਪ੍ਰਬੰਧਾਂ ਬਾਰੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਲਗਪਗ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਤ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਲਾਨਾ ਯਾਤਰਾ ਤਹਿਤ ਗੁਰਦੁਆਰੇ ਦੇ ਕਿਵਾੜ 25 ਮਈ ਨੂੰ ਸੰਗਤ ਵਾਸਤੇ ਅਰਦਾਸ ਮਗਰੋਂ ਖੋਲ੍ਹੇ ਜਾਣਗੇ, ਜਿਸ ਤਹਿਤ ਸ਼ਰਧਾਲੂਆਂ ਦਾ ਪਹਿਲਾ ਜੱਥਾ 22 ਮਈ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਰਿਸ਼ੀਕੇਸ਼ ਤੋਂ ਰਵਾਨਾ ਕੀਤਾ ਜਾਵੇਗਾ। ਪਹਿਲੇ ਜੱਥੇ ਦੀ ਰਵਾਨਗੀ ਮੌਕੇ ਉੱਤਰਾਖੰਡ ਦੇ ਰਾਜਪਾਲ ਅਤੇ ਸੰਤ ਸਮਾਜ ਦੇ ਪ੍ਰਮੁੱਖ ਆਗੂ ਹਾਜ਼ਰ ਹੋਣਗੇ। ਉੱਤਰਾਖੰਡ ਸਥਿਤ ਚਾਰ ਧਾਮ ਦੀ ਯਾਤਰਾ ਸ਼ੁਰੂ ਹੋ ਚੁੱਕੀ ਹੈ। ਸ੍ਰੀ ਬਿੰਦਰਾ ਨੇ ਦੱਸਿਆ ਕਿ ਗੋਬਿੰਦ ਘਾਟ ਤੋਂ ਘਾਗਰੀਆ ਤੱਕ ਦੀ ਹੈਲੀਕਾਪਟਰ ਸੇਵਾ 25 ਮਈ ਤੋਂ ਸ਼ੁਰੂ ਹੋ ਜਾਵੇਗੀ ਅਤੇ ਇਸੇ ਤਰ੍ਹਾਂ ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਨਵੀਂ ਹੈਲੀਕਾਪਟਰ ਸੇਵਾ ਵੀ 25 ਮਈ ਤੋਂ ਸ਼ੁਰੂ ਹੋ ਰਹੀ ਹੈ। ਗੋਚਰ ਰਿਸ਼ੀਕੇਸ਼ ਅਤੇ ਬਦਰੀਨਾਥ ਸੜਕ ਮਾਰਗ ’ਤੇ ਲਗਪਗ ਅੱਧ ਵਿਚਾਲੇ ਹੈ। ਹੈਲੀਕਾਪਟਰ ਸੇਵਾਵਾਂ ਨਾਲ ਸ਼ਰਧਾਲੂ ਰਿਸ਼ੀਕੇਸ਼ ਤੋਂ ਇੱਕ ਦਿਨ ਵਿੱਚ ਹੀ ਗੁਰਦੁਆਰਾ ਗੋਬਿੰਦ ਧਾਮ ਪਹੁੰਚ ਸਕਦੇ ਹਨ। ਇਸ ਨਾਲ ਯਾਤਰੂਆਂ ਦਾ ਆਵਾਜਾਈ ਦਾ ਸਮਾਂ ਬਚੇਗਾ ਅਤੇ ਯਾਤਰਾ ਸੁਖਾਲੀ ਹੋ ਜਾਵੇਗੀ। ਇਸ ਤੋਂ ਪਹਿਲਾਂ ਅੰਮ੍ਰਿਤਸਰ ਅਤੇ ਦੇਹਰਾਦੂਨ ਵਿਚਾਲੇ ਹਵਾਈ ਸੇਵਾ ਚੱਲ ਰਹੀ ਹੈ, ਜੋ ਇਸ ਵੇਲੇ ਹਫਤੇ ਵਿੱਚ ਇੱਕ ਦਿਨ ਹੈ ਅਤੇ ਹੁਣ ਇਸ ਨੂੰ ਯਾਤਰਾ ਦੌਰਾਨ ਹਫਤੇ ਵਿੱਚ ਤਿੰਨ ਦਿਨ ਕੀਤਾ ਜਾ ਰਿਹਾ ਹੈ। 20 ਮਈ ਤੱਕ ਰਸਤੇ ਤਿਆਰ ਕਰਨ ਦੀ ਸੇਵਾ ਭਾਰਤੀ ਫੌਜ ਵੱਲੋਂ ਮੁਕੰਮਲ ਹੋ ਜਾਵੇਗੀ। ਇਸ ਵੇਲੇ ਗੁਰਦੁਆਰਾ ਹੇਮਕੁੰਟ ਸਾਹਿਬ ਤੋਂ ਹੇਠਾਂ ਵੱਲ ਪੌੜੀਆਂ ਵਾਲਾ ਰਸਤਾ ਬਰਫ ਹਟਾਉਣ ਮਗਰੋਂ ਤਿਆਰ ਹੋ ਚੁੱਕਾ ਹੈ ਅਤੇ ਅਤੇ ਦੂਜਾ ਰਸਤਾ ਖੱਚਰਾਂ ਲਈ ਤਿਆਰ ਹੋ ਚੁੱਕਾ ਹੈ, ਜਿਸ ਨੂੰ ਹੁਣ ਹੋਰ ਚੌੜਾ ਕੀਤਾ ਜਾ ਰਿਹਾ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਅੱਜ ਸਵੇਰੇ ਵੀ ਹਲਕੀ ਬਰਫਬਾਰੀ ਹੋਈ ਹੈ ਪਰ ਉਸ ਤੋਂ ਬਾਅਦ ਮੌਸਮ ਸਾਫ ਹੋ ਗਿਆ। ਮੌਸਮ ਨੂੰ ਦੇਖਦਿਆਂ ਅਤੇ ਬਰਫ ਹੋਣ ਕਾਰਨ ਸਿਹਤ ਵਿਭਾਗ ਵੱਲੋਂ ਬਜ਼ੁਰਗਾਂ ਅਤੇ ਬੱਚਿਆਂ ਨੂੰ ਲਗਪਗ ਦੋ ਹਫਤੇ ਯਾਤਰਾ ਨਾ ਕਰਨ ਦਾ ਸੁਝਾਅ ਦਿੱਤਾ ਗਿਆ। ਹੁਣ ਤੱਕ 54 ਹਜ਼ਾਰ ਸ਼ਰਧਾਲੂਆਂ ਵੱਲੋਂ ਇਸ ਯਾਤਰਾ ਵਾਸਤੇ ਆਪਣੇ ਨਾਂ ਦੀ ਰਜਿਸਟਰੇਸ਼ਨ ਕਰਵਾਈ ਜਾ ਚੁੱਕੀ ਹੈ ਅਤੇ ਉਮੀਦ ਹੈ ਕਿ ਪਹਿਲੇ ਜੱਥੇ ਵਿੱਚ ਲਗਪਗ 5 ਸ਼ਰਧਾਲੂ ਸ਼ਾਮਲ ਹੋਣਗੇ।