ਚੰਨੀ ਨੂੰ ਬੀਬੀ ਜਗੀਰ ਕੌਰ ਨਾਲ ਮਸ਼ਕਰੀ ਕਰਨੀ ਮਹਿੰਗੀ ਪਈ,
ਚੰਡੀਗੜ੍ਹ 13 ਮਈ ( ਖ਼ਬਰ ਖਾਸ ਬਿਊਰੋ )
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਮਸ਼ਕਰੀ ਕਰਨੀ ਮਹਿੰਗੀ ਪੈ ਗਈ ਹੈ।
ਸੋਸ਼ਲ ਮੀਡੀਆ ‘ਤੇ ਬੀਬੀ ਜਗੀਰ ਕੌਰ ਅਤੇ ਚਰਨਜੀਤ ਸਿੰਘ ਚੰਨੀ ਦੀਆਂ ਵਾਇਰਲ ਹੋਈਆਂ ਵੀਡੀਓ ਦੇ ਆਧਾਰ ‘ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਡੀਜੀਪੀ ਪੰਜਾਬ ਨੂੰ ਨੋਟਿਸ ਜਾਰੀ ਕਰਕੇ ਮੰਗਲਵਾਰ ਬਾਅਦ ਦੁਪਹਿਰ 2 ਵਜੇ ਤੱਕ ਸਟੇਟ ਰਿਪੋਰਟ ਮੰਗੀ ਹੈ। ਮਹਿਲਾ ਕਮਿਸ਼ਨ ਨੇ ਡੀਜੀਪੀ ਪੰਜਾਬ ਨੂੰ ਜਾਰੀ ਕੀਤੇ ਨੋਟਿਸ ਵਿੱਚ ਕਿਹਾ ਕਿ ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਹਨ ਜਿਨਾਂ ਦਾ ਸਮਾਜ ਵਿੱਚ ਚੰਗਾ ਰੁਤਬਾ ਹੈ। ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਉਨਾਂ ਦੀਆਂ ਅਜਿਹੀਆਂ ਹਰਕਤਾਂ ਪਹਿਲਾਂ ਵੀ ਜਨਤਕ ਹੋ ਚੁੱਕੀਆਂ ਹਨ। ਕਮਿਸ਼ਨ ਨੇ ਡੀਜੀਪੀ ਤੋਂ ਮੰਗਲਵਾਰ ਬਾਅਦ ਦੁਪਹਿਰ 2 ਵਜੇ ਤੱਕ ਰਿਪੋਰਟ ਮੰਗੀ ਹੈ।
ਕੀ ਕੀਤਾ ਸੀ ਚੰਨੀ ਨੇ….
ਵਰਨਣਯੋਗ ਹੈ ਕਿ ਜਲੰਧਰ ਵਿਚ ਚੋਣ ਪ੍ਰਚਾਰ ਦੌਰਾਨ ਬੀਬੀ ਜਗੀਰ ਕੌਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਥਾਂ ਆਹਮੋ-ਸਾਹਮਣੇ ਹੋਏ ਸਨ। ਜਿੱਥੇ ਚੰਨੀ ਨੇ ਜਾਂਦੇ-ਜਾਂਦੇ ਬੀਬੀ ਜਗੀਰ ਕੌਰ ਦੀ ਠੋਡੀ ’ਤੇ ਹੱਥ ਲਾ ਦਿੱਤਾ ਸੀ। ਇਸ ਮੌਕੇ ’ਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਹੋਰ ਲੋਕ ਵੀ ਵੀਡੀਓ ਵਿਚ ਨਜ਼ਰ ਆ ਰਹੇ ਹਨ। ਚੰਨੀ ਦੀ ਇਸ ਘਟਨਾਂ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।
ਕੈਪਟਨ ਸਰਕਾਰ ’ਚ ਮੀ ਟੂ ਮਾਮਲੇ ਵਿਚ ਪਹਿਲਾਂ ਵੀ ਜਾਰੀ ਹੋਇਆ ਸੀ ਨੋਟਿਸ
ਚਰਨਜੀਤ ਸਿੰਘ ਚੰਨੀ, ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਸੈਰ ਸਪਾਟਾ, ਸਭਿਆਚਾਰਕ ਤੇ ਤਕਨੀਕੀ ਸਿਖਿਆ ਵਿਭਾਗ ਦੇ ਮੰਤਰੀ ਸਨ ਤਾਂ ਉਦੋ ਇਕ ਮਹਿਲਾ ਆਈ.ਏ.ਐੱਸ ਅਫ਼ਸਰ ਨੂੰ ਮੈਸੇਜ ਭੇਜਣ ਕਾਰਨ ਚੰਨੀ ਮੀ ਟੂ ਮਾਮਲੇ ਨੂੰ ਲੈ ਕੇ ਚਰਚਾ ਵਿਚ ਆਏ ਸਨ। ਤਤਕਾਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੁਨੀਸ਼ਾ ਗੁਲਾਟੀ ਨੇ ਚੰਨੀ ਨੂੰ ਮੀ ਟੂ ਮਾਮਲੇ ਵਿਚ ਨੋਟਿਸ ਭੇਜਿਆ ਸੀ। ਕਾਂਗਰਸ ਦੀ ਸਰਕਾਰ ਅਤੇ ਚੰਨੀ ਦੇ ਮੁੱਖ ਮੰਤਰੀ ਬਣਨ ਬਾਅਦ ਇਹ ਮਾਮਲਾ ਠੰਡੇ ਬਸਤੇ ਵਿਚ ਪੈ ਗਿਆ ਸੀ।