ਚੰਡੀਗੜ੍ਹ 30 ਜੂਨ (ਖ਼ਬਰ ਖਾਸ ਬਿਊਰੋ)
“ਸਵਰਗੀ ਸ਼੍ਰੀ ਵਿਜੈ ਰੂਪਾਨੀ ਜੀ ਜਦੋਂ ਪੰਜਾਬ ਭਾਜਪਾ ਦੇ ਪ੍ਰਭਾਰੀ ਬਣੇ ਸਨ ਤਾਂ ਉਸ ਵਕ਼ਤ ਉਹ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸਨ, ਉਹ ਪੰਜਾਬ ਆਏ ਤਾਂ ਬੜੇ ਸਾਦੇ ਜਿਹੇ ਆਮ ਇਨਸਾਨ ਦੀ ਤਰ੍ਹਾਂ ਸਾਨੂੰ ਮਿਲੇ, ਨਾ ਕੋਈ ਗੰਨਮੈਨ, ਨਾ ਕੋਈ ਗੱਡੀਆਂ ਦਾ ਕਾਫ਼ਲਾ, ਮੈਂ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ ਕਿ ਸਾਡੇ ਪੰਜਾਬ ਵਿੱਚ ਤਾਂ ਕਿਸੇ ਨੂੰ ਛੋਟਾ ਜਿਹਾ ਅਹੁਦਾ ਵੀ ਦੇ ਦਿਓ ਤਾਂ ਉਹ ਗੰਨਮੈਨ ਤੇ ਗੱਡੀਆਂ ਇੰਝ ਲੈ ਕੇ ਚੱਲਦਾ ਹੈ ਜਿਵੇਂ ਉਹ ਮੁੱਖ ਮੰਤਰੀ ਹੋਵੇ, ਪਰ ਰੂਪਾਣੀ ਜੀ ਇਸ ਸਭ ਦਿਖਾਵੇ ਤੋਂ ਦੂਰ ਬੜੇ ਹੀ ਮਿਲਾਪੜੇ ਸੁਭਾਅ ਦੇ, ਸਭ ਨੂੰ ਨਾਲ ਲੈ ਕੇ ਚੱਲਣ ਵਾਲੇ, ਜ਼ਮੀਨ ਨਾਲ ਜੁੜੇ ਹੋਏ ਇਨਸਾਨ ਸਨ।” ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸਵ. ਵਿਜੈ ਰੂਪਾਨੀ ਦੇ ਸ਼ਰਧਾਂਜਲੀ ਸਮਾਰੋਹ ਦੌਰਾਨ ਸ਼ਰਧਾ ਦੇ ਫ਼ੁੱਲ ਭੇਂਟ ਕਰਦਿਆਂ ਕੀਤਾ।
ਇਸ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸੈਣੀ ਨੇ ਸਵ ਸ਼੍ਰੀ ਵਿਜੈ ਰੂਪਾਨੀ ਜੀ ਨੂੰ ਸਾਦਗੀ ਅਤੇ ਸੇਵਾ ਦੀ ਮੂਰਤ ਦੱਸਿਆ। ਉਹਨਾਂ ਕਿਹਾ ਕਿ ਉਹ ਹਰ ਵਰਗ ਦੇ ਹਿੱਤਾਂ ਲਈ ਬੜੇ ਹੀ ਸੁਹਿਰਦ ਸਨ। ਉਹ ਰਾਸ਼ਟਰ ਸੇਵਾ, ਜਨ ਕਲਿਆਣ ਅਤੇ ਪਾਰਟੀ ਸੇਵਾ ਦੇ ਪ੍ਰਤੀ ਬਹੁਤ ਹੀ ਸਮਰਪਿਤ ਸਨ ਪਰ ਦੁੱਖ ਇਸ ਗੱਲ ਦਾ ਹੈ ਕਿ ਪਰਮਾਤਮਾ ਨੇ ਸਾਨੂੰ ਜੋ ਸੁਆਸ ਦਿੱਤੇ ਹਨ, ਅਸੀਂ ਉਹਨਾਂ ਤੋਂ ਇੱਕ ਵੀ ਸੁਆਸ ਵੱਧ ਨਹੀਂ ਲੈ ਸਕਦੇ ਤੇ ਸ਼੍ਰੀ ਰੂਪਾਨੀ ਜੀ ਵੀ ਪਰਮਾਤਮਾ ਦੀ ਇਸੇ ਰਜਾ ਵਿੱਚ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ।
ਸਵ. ਸ੍ਰੀ ਵਿਜੈ ਰੂਪਾਨੀ ਜੀ ਨੂੰ ਆਪਣੇ ਭਰੇ ਮਨ ਨਾਲ ਸ਼ਰਧਾ ਦੇ ਫ਼ੁੱਲ ਭੇਂਟ ਕਰਦਿਆਂ ਹੋਇਆਂ ਹਰਿਆਣਾ ਦੇ ਮਾਣਯੋਗ ਰਾਜਪਾਲ ਸ਼੍ਰੀ ਬੰਡਾਰੂ ਦੱਤਾਤਰੇ ਨੇ ਕਿਹਾ ਕਿ ਉਹਨਾਂ ਨੇ ਜਿੰਦਗ਼ੀ ਚ ਕਦੀ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਨੂੰ ਵਿਜੈ ਰੂਪਾਨੀ ਜੀ ਦੀ ਸ਼ਰਧਾਂਜਲੀ ਸਭਾ ਵਿੱਚ ਸ਼ਾਮਿਲ ਹੋਣਾ ਪਵੇਗਾ। ਇਸ ਮੌਕੇ ਸ਼੍ਰੀ ਦੱਤਾਤਰੇ ਨੇ ਕਿਹਾ ਕਿ ਭਾਰਤ ਦੇ ਕਿਰਤ ਮੰਤਰੀ ਹੁੰਦਿਆਂ ਇੱਕ ਵਾਰ ਉਹਨਾਂ ਨੂੰ ਸ਼੍ਰੀ ਵਿਜੈ ਰੂਪਾਨੀ ਜੀ ਬਤੌਰ ਗੁਜਰਾਤ ਦੇ ਕਿਰਤ ਮੰਤਰੀ ਮਿਲਣ ਆਏ ਸਨ, ਉਸ ਵਕਤ ਉਹਨਾਂ ਨੇ ਮਜ਼ਦੂਰ ਵਰਗ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਬੜੀ ਡੂੰਘਾਈ ਨਾਲ ਦਿਲੋਂ ਸਾਂਝਾ ਕੀਤਾ।
ਭਾਜਪਾ ਦੇ ਰਾਸ਼ਟਰੀ ਸਕੱਤਰ ਸ਼੍ਰੀ ਨਰਿੰਦਰ ਸਿੰਘ ਰੈਨਾ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਹੋਇਆ ਉਹਨਾਂ ਨਾਲ ਆਪਣੇ ਨਿੱਜੀ ਸੰਬੰਧਾਂ ਨੂੰ ਵੀ ਯਾਦ ਕੀਤਾ ਕਿ ਉਹ ਵਿਦਿਆਰਥੀ ਪ੍ਰੀਸ਼ਦ ਦੇ ਸਮੇਂ ਤੋਂ ਹੀ ਸ਼੍ਰੀ ਰੂਪਾਨੀ ਜੀ ਨਾਲ ਪਾਰਟੀ ਵਿੱਚ ਕੰਮ ਕਰਦੇ ਆ ਰਹੇ ਹਨ। ਸ਼੍ਰੀ ਰੂਪਾਨੀ ਜੀ ਦੀ ਸੋਚ ਬੜੀ ਹਾਂ-ਪੱਖੀ ਸੀ ਭਾਵ ਉਹ ਕਿਸੇ ਵੀ ਕਾਰਜਕਰਤਾ ਦੇ ਪ੍ਰਤੀ ਨਾਂ-ਪੱਖੀ ਵਤੀਰਾ ਨਹੀਂ ਰੱਖਦੇ ਸਨ। ਉਹ ਪੂਰੀ ਤਰ੍ਹਾਂ ਨਾਲ ਪਾਰਟੀ ਨੂੰ ਸਮਰਪਿਤ ਨੇਤਾ ਸਨ। ਉਹਨਾਂ ਦੇ ਜਾਣ ਨਾਲ ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
“ਆਦਮੀ ਹੈ ਇਕ ਦਮੀ ਸਵਾਸ ਆਇਆ ਤੇ ਇਨਸਾਨ, ਨਹੀਂ ਤੇ ਹੈ ਮਿੱਟੀ”, ਦੁੱਖ ਭਰੇ ਇਹਨਾਂ ਬੋਲਾਂ ਦੇ ਨਾਲ ਇਕਬਾਲ ਸਿੰਘ ਲਾਲਪੁਰਾ, ਚੇਅਰਮੈਨ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੇ ਸ਼੍ਰੀ ਰੂਪਾਨੀ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇਕ ਚੰਗੇ ਇਨਸਾਨ ਸਨ ਤੇ ਸਦਾ ਹੀ ਦੂਸਰਿਆਂ ਨੂੰ ਇੱਜ਼ਤ ਦਿੰਦੇ ਸਨ ਪਰ ਦੁੱਖ ਇਸ ਗੱਲ ਦਾ ਹੈ ਕਿ ਉਹ ਅਚਾਨਕ ਸਾਨੂੰ ਸਭ ਨੂੰ ਛੱਡ ਕੇ ਚਲੇ ਗਏ।
ਇਸ ਮੌਕੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ਼੍ਰੀ ਮਨੋਰੰਜਨ ਕਾਲੀਆ ਨੇ ਸਵ. ਵਿਜੈ ਰੂਪਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਸਭ ਆਰ.ਐਸ.ਐਸ ਵੱਲੋਂ ਹਾਸਲ ਸੰਸਕਾਰ ਹੀ ਸਨ, ਜਿਨ੍ਹਾਂ ਦੀ ਬਦੌਲਤ ਐਮਰਜੈਂਸੀ ਦੌਰਾਨ ਉਹਨਾਂ ਨੇ 11 ਮਹੀਨੇ ਜੇਲ੍ਹ ਵੀ ਕੱਟੀ। ਹਾਲ ਹੀ ਵਿੱਚ ਲੁਧਿਆਣਾ ਦੀ ਜ਼ਿਮਨੀ ਚੋਣ ਦੌਰਾਨ ਵੀ ਉਹਨਾਂ ਨੇ ਡੱਟ ਕੇ ਮੋਰਚਾ ਸੰਭਾਲਿਆ। ਓਹਨਾਂ ਨੇ ਜਾਣਾ ਤਾਂ 12 ਤਰੀਕ ਨੂੰ ਸੀ ਪਰ ਉਹ 09 ਨੂੰ ਹੀ ਚਲੇ ਗਏ, ਸ਼ਾਇਦ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਇਸ ਸ਼ਰਧਾਂਜਲੀ ਸਭਾ ਵਿੱਚ ਸਵ. ਸ਼੍ਰੀ ਵਿਜੈ ਰੂਪਾਨੀ ਜੀ ਦੇ ਬੇਟੇ ਰੂਸ਼ਬ ਰੂਪਾਨੀ, ਅਹਿਮਦਾਵਾਦ ਤੋਂ ਮੋਬਾਇਲ ਰਾਹੀਂ ਸ਼ਾਮਿਲ ਹੋਏ ਅਤੇ ਉਹਨਾਂ ਨੇ ਆਪਣੇ ਪਿਤਾ ਅਤੇ ਭਾਰਤੀ ਜਨਤਾ ਪਾਰਟੀ ਦੇ ਹਰ ਦਿਲ ਅਜੀਜ਼ ਨੇਤਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸਮੂਹ ਪੰਜਾਬੀਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਇਸ ਸਮਾਗਮ ਵਿੱਚ ਸੰਗਠਨ ਮੰਤਰੀ ਸ਼੍ਰੀ ਮੰਥਰੀ ਸ੍ਰੀਨਿਵਾਸੁਲੂ, ਸਾਬਕਾ ਪ੍ਰਧਾਨ ਭਾਜਪਾ ਪੰਜਾਬ ਸ਼ਵੇਤ ਮਲਿਕ, ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਜਤਿੰਦਰ ਮਲਹੋਤਰਾ, ਭਾਜਪਾ ਹਰਿਆਣਾ ਦੇ ਪ੍ਰਧਾਨ ਮੋਹਨ ਲਾਲ ਬਡੋਲੀ, ਰਾਸ਼ਟਰੀ ਸਵੈਂ-ਸੇਵਕ ਸੰਘ ਦੇ ਪੰਜਾਬ ਪ੍ਰਾਂਤ ਕਾਰਿਆ-ਵਾਹ ਵਿਨੈ ਕੁਮਾਰ, ਸੂਬੇ ਦੇ ਪੰਜ ਜਨਰਲ ਸਕੱਤਰ ਅਨਿਲ ਸਰੀਨ, ਰਾਕੇਸ਼ ਰਾਠੌੜ, ਦਿਆਲ ਸੋਢੀ, ਜਗਮੋਹਨ ਸਿੰਘ ਰਾਜੂ, ਪਰਮਿੰਦਰ ਸਿੰਘ ਬਰਾੜ ਤੋਂ ਇਲਾਵਾ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਬਾਦਲ, ਤੀਕਸ਼ਣ ਸੂਦ, ਕੇ.ਡੀ ਭੰਡਾਰੀ, ਬੀਬਾ ਜੈ ਇੰਦਰ ਕੌਰ, ਮਨਜੀਤ ਸਿੰਘ ਰਾਏ, ਪਰਮਪਾਲ ਕੌਰ, ਸਰੂਪ ਚੰਦ ਸਿੰਗਲਾ, ਐੱਸ.ਆਰ ਲੱਧੜ, ਵਿਨੀਤ ਜੋਸ਼ੀ, ਚੇਤਨ ਮੋਹਨ ਸ਼ਰਮਾ ਸਮੇਤ, ਜਿਲ੍ਹਾ ਪ੍ਰਧਾਨਾਂ, ਬਲਾਕ ਪ੍ਰਧਾਨਾਂ ਸਮੇਤ ਮੰਡਲ ਪ੍ਰਧਾਨ ਹਾਜ਼ਰ ਸਨ, ਜਿਨ੍ਹਾਂ ਨੇ ਸਵ. ਵਿਜੈ ਰੁਪਾਣੀ ਜੀ ਨੂੰ ਆਪਣੇ ਵੱਲੋਂ ਸ਼ਰਧਾ ਦੇ ਫੁਲ ਭੇਂਟ ਕੀਤੇ।
ਸ਼ਰਧਾਂਜਲੀ ਸਭਾ ਦੇ ਅਖੀਰ ਰੂਪਾਨੀ ਵਿੱਚ ਪਠਾਨਕੋਟ ਤੋਂ ਵਿਧਾਇਕ ਅਤੇ ਪਾਰਟੀ ਦੇ ਸੀਨਅਰ ਨੇਤਾ ਅਸ਼ਵਿਨੀ ਸ਼ਰਮਾ ਨੇ ਪੰਜਾਬ ਭਾਜਪਾ ਵੱਲੋਂ ਸਮਾਗਮ ‘ਚ ਪਹੁੰਚੇ ਸਭ ਲੋਕਾਂ ਦਾ ਧੰਨਵਾਦ ਕੀਤਾ।