ਕਿਹਾ, – ਪੰਜਾਬੀ ਬੋਲੀ ਦੇ ਮਾਣਮੱਤੇ ਪੁੱਤ ਸੁਰਜੀਤ ਪਾਤਰ ਸਾਹਬ ਦੇ ਅਚਾਨਕ ਚਲੇ ਜਾਣ ‘ਤੇ ਬਹੁਤ ਦੁੱਖ ਹੋਇਆ..ਪੰਜਾਬੀ ਮਾਂ ਬੋਲੀ ਦਾ ਵਿਹੜਾ ਅੱਜ ਸੁੰਨਾਂ ਹੋ ਗਿਆ..
ਚੰਡੀਗੜ੍ਹ, 11 ਮਈ ( ਖ਼ਬਰ ਖਾਸ ਬਿਊਰੋ)
ਉੱਘੇ ਪੰਜਾਬੀ ਕਵੀ ਸੁਰਜੀਤ ਪਾਤਰ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟ ‘ਤੇ ਲਿਖਿਆ, “ਪੰਜਾਬੀ ਬੋਲੀ ਦੇ ਮਾਣਮੱਤੇ ਪੁੱਤ ਸੁਰਜੀਤ ਪਾਤਰ ਸਾਹਿਬ ਦੇ ਅਚਾਨਕ ਚਲੇ ਜਾਣ ‘ਤੇ ਬਹੁਤ ਦੁੱਖ ਹੋਇਆ..ਪੰਜਾਬੀ ਮਾਂ ਬੋਲੀ ਦਾ ਵਿਹੜਾ ਅੱਜ ਸੁੰਨਾਂ ਹੋ ਗਿਆ। ਮੁੱਖ ਮੰਤਰੀ ਭਗਵੰਤ ਮਾਨ ਅਕਸਰ ਆਪਣੇ ਭਾਸ਼ਣ ਵਿਚ ਡਾ. ਸੁਰਜੀਤ ਪਾਤਰ ਦੀਆਂ ਲਿਖੀਆਂ ਕਵਿਤਾਵਾਂ ਅਤੇ ਲਾਈਨਾਂ ਦਾ ਜ਼ਿਕਰ ਕਰਦੇ ਹਨ।
ਪੰਜਾਬੀ ਦੇ ਉੱਘੇ ਕਵੀ ਅਤੇ ਲੇਖਕ ਡਾ. ਸੁਰਜੀਤ ਪਾਤਰ ਦਾ ਸ਼ਨੀਵਾਰ ਨੂੰ 79 ਸਾਲ ਦੀ ਉਮਰ ਵਿੱਚ ਲੁਧਿਆਣਾ ‘ਚ ਦਿਹਾਂਤ ਹੋ ਗਿਆ। 14 ਜਨਵਰੀ 1945 ਨੂੰ ਜਨਮੇ ਪਾਤਰ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਨਾਲ ਸਬੰਧਿਤ ਸਨ, ਜਿੱਥੋਂ ਉਨ੍ਹਾਂ ਨੇ ਆਪਣਾ ਨਾਮ ਸੁਰਜੀਤ ਪਾਤਰ ਲਿਆ।
ਡਾ. ਸੁਰਜੀਤ ਪਾਤਰ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਪੰਜਾਬੀ ਦੇ ਪ੍ਰੋਫੈਸਰ ਵਜੋਂ ਸੇਵਾ ਨਿਭਾਈ, ਜਿੱਥੇ ਉਨ੍ਹਾਂ ਨੇ ਪੰਜਾਬੀ ਸਾਹਿਤ ਵਿੱਚ ਆਪਣਾ ਸਫ਼ਰ ਸ਼ੁਰੂ ਕੀਤਾ। ਡਾ. ਸੁਰਜੀਤ ਪਾਤਰ ਨੂੰ 2012 ਵਿੱਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।
ਡਾ. ਸੁਰਜੀਤ ਪਾਤਰ ਜੀ ਨੇ ਪੰਜਾਬੀ ਸਾਹਿਤ ਨੂੰ ਬਹੁਤ ਹੀ ਅਮੀਰੀ ਬਖ਼ਸ਼ੀ- ਹਰਪਾਲ ਚੀਮਾ
ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੇ ਸੋਸ਼ਲ ਅਕਾਊਂਟ ‘ਤੇ ਲਿਖਿਆ- ਕੁੱਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਜੀ ਦਾ ਅਕਾਲ ਚਲਾਣਾ ਬਹੁਤ ਹੀ ਦੁਖਦਾਈ ਹੈ। ਉਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਬਹੁਤ ਹੀ ਅਮੀਰੀ ਬਖ਼ਸ਼ੀ। ਉਨ੍ਹਾਂ ਦਾ ਸਦੀਵੀ ਵਿਛੋੜਾ ਉਨ੍ਹਾਂ ਦੇ ਪਰਿਵਾਰ ਲਈ ਹੀ ਨਹੀਂ ਬਲਕਿ ਸਮੁੱਚੇ ਪੰਜਾਬੀ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਉਨ੍ਹਾਂ ਦੇ ਪਰਿਵਾਰ ਤੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
ਇਹ ਮੇਰੇ ਲਈ ਨਿੱਜੀ ਘਾਟਾ ਹੈ-ਸਿੱਖਿਆ ਮੰਤਰੀ ਹਰਜੋਤ ਬੈਂਸ
ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਸੋਸ਼ਲ ਅਕਾਊਂਟ ‘ਤੇ ਲਿਖਿਆ, ਅਖੀਰੀ ਵਕਤ ਇਹ ਮੰਜ਼ਰ ਹੈ ਕੈਸਾ, ਕਿ ਤੂੰ ਪਰਵਾਜ਼ ਭਰਨੀ ਅੰਬਰਾਂ ਦੀ, ਤੇ ਮੈਂ ਏਥੇ ਹੀ ਟੁੱਟ ਕੇ ਡਿੱਗਣਾ ਹੈ। ਸੁਰਜੀਤ ਪਾਤਰ ਜੀ ਦਾ ਇਸ ਤਰਾਂ ਦੁਨੀਆ ਦੀ ਮਹਿਫ਼ਲ ਚੋਂ ਚਲੇ ਜਾਣਾ ਪੰਜਾਬ ਲਈ ਬਹੁਤ ਵੱਡਾ ਘਾਟਾ ਹੈ। ਮੇਰੇ ਲਈ ਇਹ ਨੁਕਸਾਨ ਨਿੱਜੀ ਵੀ ਹੈ।
ਪੰਜਾਬੀ ਅਦਬ ਦੀ ਵੱਡੀ ਸਖਸ਼ੀਅਤ ਡਾ. ਸੁਰਜੀਤ ਪਾਤਰ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ- ਮੀਤ ਹੇਅਰ
ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਸੋਸ਼ਲ ਅਕਾਊਂਟ ‘ਤੇ ਲਿਖਿਆ, ਪੰਜਾਬੀ ਅਦਬ ਦੀ ਵੱਡੀ ਸਖਸ਼ੀਅਤ ਅਤੇ ਸਾਡੇ ਯੁੱਗ ਦੇ ਮਹਾਨ ਸ਼ਾਇਰ ਡਾ. ਸੁਰਜੀਤ ਪਾਤਰ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਿੱਛੇ ਪਰਿਵਾਰ ਤੇ ਸਾਹਿਤ ਪ੍ਰੇਮੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
ਡਾ. ਸੁਰਜੀਤ ਪਾਤਰ ਜੀ ਰਹਿੰਦੀ ਦੁਨੀਆ ਤੱਕ ਚਾਹੁੰਣ ਵਾਲਿਆਂ ਦੇ ਦਿਲਾਂ ‘ਚ ਹਮੇਸ਼ਾ ਸੁਰਜੀਤ ਰਹਿਣਗੇ-ਡਾ. ਬਲਬੀਰ ਸਿੰਘ
ਡਾ. ਬਲਬੀਰ ਸਿੰਘ ਨੇ ਆਪਣੇ ਸੋਸ਼ਲ ਅਕਾਊਂਟ ‘ਤੇ ਲਿਖਿਆ, ਪੰਜਾਬੀ ਸਹਿਤ ਦੇ ਮਹਾਨ ਸ਼ਾਇਰ, ਪਦਮਸ਼੍ਰੀ ਸੁਰਜੀਤ ਪਾਤਰ ਜੀ ਦੇ ਵਿਛੋੜੇ ਦੀ ਖ਼ਬਰ ਬੇਹੱਦ ਦੁਖਦਾਈ ਹੈ। ਉਨ੍ਹਾਂ ਦੀ ਪੰਜਾਬ ਤੇ ਪੰਜਾਬੀਅਤ ਨੂੰ ਬਹੁਤ ਵੱਡੀ ਦੇਣ ਹੈ। ਜਿਸਨੂੰ ਸ਼ਬਦਾਂ ‘ਚ ਬਿਆਨਿਆਂ ਨਹੀਂ ਜਾ ਸਕਦਾ, ਸੁਰਜੀਤ ਪਾਤਰ ਜੀ ਰਹਿੰਦੀ ਦੁਨੀਆ ਤੱਕ ਚਾਹੁੰਣ ਵਾਲਿਆਂ ਦੇ ਦਿਲਾਂ ‘ਚ ਹਮੇਸ਼ਾ ਸੁਰਜੀਤ ਰਹਿਣਗੇ।