ਨਵੀਂ ਦਿੱਲੀ, 10 ਮਈ 10 ਮਈ ( ਖ਼ਬਰ ਖਾਸ ਬਿਊਰੋ)
ਟੀਵੀ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰਚਰਨ ਸਿੰਘ ਦੀ ਗੁੰਮਸ਼ੁਦਗੀ ਦਾ ਰਹੱਸ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ ਕਿਉਂਕਿ ਦਿੱਲੀ ਪੁਲੀਸ ਨੂੰ ਪਤਾ ਲੱਗਾ ਹੈ ਕਿ ਅਦਾਕਾਰ ਕਿਸੇ ਵੱਲੋਂ ਨਿਗਰਾਨੀ ਕੀਤੇ ਜਾਣ ਦੇ ਡਰੋਂ 27 ਈਮੇਲਾਂ ਦੀ ਵਰਤੋਂ ਕਰ ਰਿਹਾ ਸੀ। ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਦਾਕਾਰ ਅਕਸਰ ਆਪਣੀ ਈਮੇਲ ਬਦਲ ਲੈਂਦਾ ਸੀ। ਪੁਲੀਸ ਦੀ ਟੀਮ ਉਸ ਦਾ ਮੋਬਾਈਲ ਫੋਨ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਚਰਨ ਸਿੰਘ ਦਾ ਮੋਬਾਈਲ ਫੋਨ 22 ਅਪਰੈਲ ਨੂੰ ਰਾਤ 9.22 ਤੋਂ ਬਾਅਦ ਬੰਦ ਆ ਰਿਹਾ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਉਸ ਨੂੰ ਆਖਰੀ ਵਾਰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਬਾਹਰ ਦੇਖਿਆ ਗਿਆ ਸੀ ਜਿੱਥੇ ਉਹ ਈ-ਰਿਕਸ਼ਾ ਰਾਹੀਂ ਪੁੱਜਿਆ ਸੀ। ਪੁਲੀਸ ਦੀ ਟੀਮ ਵੱਲੋਂ ਅਦਾਕਾਰ ਦੇ ਬੈਂਕ ਖਾਤਿਆਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੁਰਚਰਨ ਸਿੰਘ ਦੀ ਮਾਲੀ ਹਾਲਤ ਠੀਕ ਨਹੀਂ ਸੀ ਅਤੇ ਉਸ ’ਤੇ ਕਈ ਤਰ੍ਹਾਂ ਦੇ ਕਰਜ਼ੇ ਤੇ ਬਕਾਏ ਖੜ੍ਹੇ ਸਨ। ਉਸ ਦਾ ਪਰਿਵਾਰ ਉਸ ਦੇ ਠੀਕ ਠਾਕ ਹੋਣ ਦੀ ਕਾਮਨਾ ਕਰ ਰਿਹਾ ਹੈ।