ਚੰਡੀਗੜ੍ਹ 28 ਮਈ ( ਖ਼ਬਰ ਖਾਸ ਬਿਊਰੋ)
ਅਕਾਲੀ ਸਿਆਸਤ ਦੇ ਵੱਡੇ ਨੇਤਾ ਸੁਖਦੇਵ ਸਿੰਘ ਢੀਂਡਸਾ ਅੱਜ ਸਵਰਗ ਸਿਧਾਰ ਗਏ। ਉਹਨਾਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਸ਼ਾਮ ਕਰੀਬ ਪੰਜ ਵਜੇ ਆਖ਼ਰੀ ਸਾਹ ਲਿਆ। ਫੋਰਟਿਸ ਹਸਪਤਾਲ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਢੀਂਡਸਾ ਨੂੰ ਦਿਲ ਦਾ ਦੌਰਾ ਪਿਆ , ਜੋ ਉਹਨਾਂ ਲਈ ਖ਼ਤਰਨਾਕ ਸਾਬਿਤ ਹੋਇਆ।
ਹਸਪਤਾਲ ਵਲੋਂ ਜਾਰੀ ਜਾਣਕਾਰੀ ਅਨੁਸਾਰ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੂੰ 27 ਮਈ ਨੂੰ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਗੰਭੀਰ ਹਾਲਤ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਨਮੂਨੀਆ ਅਤੇ ਦਿਲ ਦੀਆਂ ਪੇਚੀਦਗੀਆਂ ਬਿਮਾਰੀਆਂ ਤੋਂ ਪੀੜਤ ਸਨ, ਜੋ ਉਮਰ ਨਾਲ ਸਬੰਧਤ ਸਿਹਤ ਸਮੱਸਿਆਵਾਂ ਕਾਰਨ ਵਧੀਆਂ ਸਨ।
ਉਨ੍ਹਾਂ ਦਾ ਅੱਜ ਸ਼ਾਮ ਲਗਭਗ 5:05 ਵਜੇ ਦਿਲ ਦੀ ਧੜਕਣ ਰੁਕਣ ਅਤੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।ਫੋਰਟਿਸ ਹਸਪਤਾਲ ਮੋਹਾਲੀ ਦੀ ਮੈਨੇਜਮੈਂਟ ਨੇ ਸੁਖਦੇਵ ਸਿੰਘ ਢੀਂਡਸਾ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਪੰਜਾਬ ਦੀ ਸਿਆਸਤ ਵਿੱਚ ਆਪਣਾ ਅਟੁੱਟ ਯੋਗਦਾਨ ਪਾਉਣ ਵਾਲੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਦਾ 90 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਪਿਛਲੇ ਕੁਝ ਮਹੀਨਿਆਂ ਤੋਂ ਉਹਨਾ ਦੀ ਸਿਹਤ ਨਸਾਜ ਚਲ ਰਹੀ ਸੀ, ਜਿਸ ਦੇ ਚਲਦੇ ਮੁਹਾਲੀ ਦੇ ਨਿੱਜੀ ਹਸਪਤਾਲ ਵਿੱਚ ਇਹ ਜੇਰੇ ਇਲਾਜ ਸਨ। ਸਰਦਾਰ ਢੀਂਡਸਾ ਆਧੁਨਿਕ ਪੰਜਾਬ ਦੀ ਨੀਂਹ ਰੱਖਣ ਵਾਲੇ ਸਿਆਸਤਦਾਨ ਸਨ। ਸਰਦਾਰ ਢੀਂਡਸਾ ਵੱਲੋਂ ਪੰਜਾਬ ਦੀ ਉੱਨਤੀ ਵਿੱਚ ਪਾਏ ਯੋਗਦਾਨ ਲਈ ਹਮੇਸ਼ਾਂ ਚੇਤੇ ਰੱਖਿਆ ਜਾਵੇਗਾ।
ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ ਵੱਖ ਵੱਕਾਰੀ ਅਹੁਦਿਆਂ ਤੇ ਰਹਿ ਕੇ ਪੰਥ ਦੀ ਨੁਮਾਇਦਾ ਜਮਾਤ ਦੀ ਸੇਵਾ ਕੀਤੀ। ਸਰਦਾਰ ਢੀਂਡਸਾ 1972,1977,1980 ਅਤੇ 1985 ਲਗਾਤਾਰ ਚਾਰ ਵਾਰ ਵਿਧਾਨ ਸਭਾ ਦੇ ਮੈਬਰ ਬਣੇ। 1997 ਤੋ 1980 ਤੋਂ ਲੈਕੇ ਓਹ ਪੰਜਾਬ ਦੇ ਟਰਾਂਸਪੋਰਟ,ਸਪੋਰਟਸ ਅਤੇ ਟੂਰਿਜ਼ਮ ਮੰਤਰੀ ਰਹੇ।
1998 ਤੋਂ ਲੈਕੇ 2004 ਦੌਰਾਨ ਰਾਜ ਸਭਾ ਮੈਬਰ ਬਣੇ ਅਤੇ ਵਾਜਪਾਈ ਸਰਕਾਰ ਵਿੱਚ ਕੇਂਦਰੀ ਵਜਾਰਤ ਦਾ ਹਿੱਸਾ ਬਣੇ ਅਤੇ ਓਹਨਾ ਨੇ ਬਤੌਰ ਕੇਂਦਰੀ ਮੰਤਰੀ ਖੇਡ ਵਿਭਾਗ ਅਤੇ ਕੈਮੀਕਲ ਫਰਟੀਲਾਈਜ਼ਰ ਵਿਭਾਗ ਲਈ ਆਪਣਾ ਯੋਗਦਾਨ ਪਾਇਆ । 2004 ਦੀ 14ਵੀ ਲੋਕ ਸਭਾ ਚੋਣ ਵੇਲੇ ਸਰਦਾਰ ਢੀਂਡਸਾ ਸੰਗਰੂਰ ਤੋਂ ਲੋਕ ਸਭਾ ਲਈ ਮੈਂਬਰ ਚੁਣੇ ਗਏ। ਇਸ ਤੋਂ ਇਲਾਵਾ ਸਰਦਾਰ ਢੀਂਡਸਾ ਵੱਖ ਵੱਖ ਸਮੇਂ ਵਿਧਾਨ ਸਭਾ ਅਤੇ ਲੋਕ ਸਭਾ ਕਮੇਟੀਆਂ ਦੇ ਚੇਅਰਮੈਨ ਅਤੇ ਮੈਬਰ ਵੀ ਰਹੇ।
ਕਿਸਾਨੀ ਪਰਿਵਾਰ ਨਾਲ ਸਬੰਧ ਰੱਖਣ ਕਰਕੇ ਸਰਦਾਰ ਢੀਂਡਸਾ ਕਿਸਾਨਾਂ ਦੀ ਰਮਜ਼ ਨੂੰ ਚੰਗੀ ਤਰਾਂ ਸਮਝਦੇ ਸਨ। ਸਰਦਾਰ ਢੀਂਡਸਾ ਨੂੰ ਪਦਮਾ ਭੂਸ਼ਣ ਅਵਾਰਡ ਨਾਲ 26 ਜਨਵਰੀ 2019 ਨੂੰ ਸਨਮਾਨਿਆ ਗਿਆ। ਉਹਨਾਂ ਨੇ ਦਸੰਬਰ 2020 ‘ਚ ਕਿਸਾਾਨੀ ਅੰਦੋਲਨ ਦੀ ਹਮਾਇਤ ਕਰਨ ਲਈ ਇਹ ਅਵਾਰਡ ਵਾਪਸ ਕਰ ਦਿੱਤਾ।
ਸਰਦਾਰ ਢੀਂਡਸਾ ਦੇ ਇੱਕ ਬੇਟਾ ਅਤੇ ਦੋ ਬੇਟੀਆਂ ਹਨ। ਸਰਦਾਰ ਢੀਂਡਸਾ ਦਾ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਵੀ ਬਤੌਰ ਵਿੱਤ ਮੰਤਰੀ ਪੰਜਾਬ ਦੇ ਸੇਵਾ ਕਰ ਚੁੱਕੇ ਹਨ।