ਚੰਡੀਗੜ੍ਹ 24 ਮਈ, ( ਖ਼ਬਰ ਖਾਸ ਬਿਊਰੋ)
ਸਾਬਕਾ ਪੁਲਿਸ ਅਧਿਕਾਰੀ ਅਤੇ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇਕ ਵਾਰ ਫਿਰ ਆਪ ਦੀ ਕਾਰਗੁਜ਼ਾਰੀ ਉਤੇ ਸਵਾਲ ਖੜੇ ਕੀਤੇ ਹਨ। ਹਾਲਾਂਕਿ ਉਹ ਪਹਿਲਾਂ ਵੀ ਵੱਖ ਵੱਖ ਮੰਚਾਂ, ਇਥੋ ਤੱਕ ਕਿ ਵਿਧਾਨ ਸਭਾ ਵਿਚ ਵੀ ਸਰਕਾਰ ਦੇ ਕੰਮਕਾਜ਼ ਨੂੰ ਲੈ ਕੇ ਖੁੱਲਕੇ ਬੋਲ ਰਹਿੰਦੇ ਹਨ, ਪਰ ਹੁਣ ਉਹਨਾਂ ਨੇ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਖਿਲਾਫ਼ ਕੇਸ ਦਰਜ਼ ਕਰਨ ਤੇ ਗ੍ਰਿਫ਼ਤਾਰ ਕੀਤੇ ਜਾਣ ਉਤੇ ਹੈਰਾਨੀ ਪ੍ਰਗਟ ਕੀਤੀ ਹੈ।
ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਪਣੇ ਫੇਸਬੁੱਕ ਪੇਜ਼ ਉਤੇ ਟਿਪਣੀ ਕਰਦਿਆਂ ਕਿਹਾ ਕਿ ਜਲੰਧਰ ਦੇ ਵਿਧਾਇਕ ਰਮਨ ਅਰੋੜਾ ਜੀ ਦੀ ਗ੍ਰਿਫ਼ਤਾਰੀ ਅਤੇ ਉਨਾਂ ਵਿਰੁੱਧ ਦਰਜ਼ ਐਫ.ਆਈ.ਆਰ ਸੁਣਕੇ ਬਹੁਤ ਹੈਰਾਨੀ ਹੋਈ ਹੈ। ਕਿਉਂਕਿ ਉਹ ਮੁੱਖ ਮੰਤਰੀ ਸਾਹਿਬ ਦੇ ਪਰਿਵਾਰਕ ਮੈਂਬਰ ਵਜੋਂ ਜਾਣੇ ਜਾਂਦੇ ਸਨ। ਵਿਧਾਇਕ ਸਾਹਿਬ ਨੂੰ ਅਕਸਰ ਮੁੱਖ ਮੰਤਰੀ ਜੀ ਦੇ ਪਰਿਵਾਰ ਦੇ ਨਜ਼ਦੀਕੀ ਮੈਂਬਰਾਂ ਦੀ ਮੇਜ਼ਬਾਨੀ ਕਰਦੇ ਦੇਖਿਆ ਜਾਂਦਾ ਸੀ।

ਕੁੱਝ ਲੋਕ ਇਸਨੂੰ ਲੁਧਿਆਣਾ ਵਿਚ ਹੋਣ ਜਾ ਰਹੇ ਉਪ ਚੋਣ ਨਾਲ ਜੋੜ ਰਹੇ ਹਨ ਤੇ ਕੋਈ ਇਸ ਨੂੰ ਘੋਰ ਭ੍ਰਿਸ਼ਟਾਚਾਰ ਦਾ ਮਾਮਲਾ ਕਹਿ ਰਿਹਾ ਹੈ। ਇਸੇ ਤਰਾਂ ਸੰਗਰੂਰ ਉਪ ਚੋਣ ਤੋਂ ਪਹਿਲਾਂ ਮਾਣਯੋਗ ਵਿਧਾਇਕ ਤੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਉਹਨਾਂ ਦੇ ਖਿਲਾਫ਼ ਅੱਜ ਤੱਕ ਕੁੱਝ ਨਹੀਂ ਮਿਲਿਆ ਅਤੇ ਮਾਮਲਾ ਅਦਾਲਤ ਵਿਚ ਵੀ ਨਹੀਂ ਜਾ ਸਕਿਆ।
ਕੁੰਵਰ ਵਿਜੇ ਪ੍ਰਤਾਪ ਸਿੰਘ ਅੱਗੇ ਲਿਖਦੇ ਹਨ ਸੱਚ ਕੀ ਹੈ? ਇਹ ਸਾਡੀ ਸਮਝ ਤੋਂ ਪਰੇ ਹੈ, ਪਰ ਇਹ ਸੱਚ ਹੈ ਕਿ ਸਾਡੀ ਪਾਰਟੀ ਵਿੱਚ ਮਨੀਟਰਿੰਗ ਦਾ ਕੋਈ ਸਿਸਟਮ ਨਹੀਂ ਹੈ। ਜੇਕਰ ਕੋਈ MLA ਜਾਂ ਮੰਤਰੀ ਜਾਂ ਕੋਈ ਲੀਡਰ ਗਲਤੀ ਕਰਦਾ ਹੈ ਤਾਂ ਉਸਨੂੰ ਸਮਝਾ ਬੁਝਾ ਕੇ ਸਹੀ ਰਾਹ ਤੇ ਲਿਆਉਣ ਵਾਲਾ ਕੋਈ ਨਹੀਂ ਹੈ ਨਾ ਹੀ ਅਜਿਹਾ ਕੋਈ ਪ੍ਰਬੰਧ ਕੀਤਾ ਗਿਆ ਹੈ>
ਅਜਿਹੀ ਸਥਿਤੀ ਵਿੱਚ ਪਾਰਟੀ ਅਤੇ ਸਰਕਾਰ ਦੀ ਭਰੋਸੇਯੋਗਤਾ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਇਸਦਾ ਸਿੱਧਾ ਫਾਇਦਾ ਹੁੰਦਾ ਹੈ। ਉਹ ਪਹਿਲਾਂ ਤੋਂ ਹੀ ਇਸਦੀ ਭਾਲ ਕਰਦੇ ਆ ਰਹੇ ਹਨ ਖੈਰ ਸੱਚਾਈ ਜੋ ਵੀ ਹੋਵੇ ਅਸੀਂ ਆਪਣੀ ਪਾਰਟੀ ਅਤੇ ਸਰਕਾਰ ਦੀ ਭਰੋਸੇਯੋਗਤਾ ਨੂੰ ਬਚਾਉਣ ਲਈ ਹਰ ਤਰੀਕੇ ਨਾਲ ਕੋਸ਼ਿਸ਼ ਕਰਦੇ ਰਹਾਂਗੇ।
ਇਥੇ ਜ਼ਿਕਰਯੋਗ ਹੈ ਕਿ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਆਗੂ ਪਹਿਲਾਂ ਹੀ ਸਰਕਾਰ ਉਤੇ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਨੂੰ ਲੁਧਿਆਣਾ ਜ਼ਿਮਨੀ ਚੋਣ ਵਿਚ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾ ਰਹੇ ਹਨ।
