ਜਲੰਧਰ, 10 ਮਈ ( ਖ਼ਬਰ ਖਾਸ ਬਿਊਰੋ)
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਜਲੰਧਰ ਲੋਕ ਸਭਾ ਹਲਕਾ ਤੋਂ ਆਪਣੇ ਕਾਗਜ਼ ਭਰ ਦਿੱਤੇ ਹਨ। ਡਿਪਟੀ ਕਮਿਸ਼ਨਰ ਕਮ ਜਿਲਾ ਚੋਣ ਅਫ਼ਸਰ ਕੋਲ ਨਾਮਜ਼ਦੀ ਪੱਤਰ ਦਾਖਲ ਕਰਵਾਉਣ ਮੌਕੇ ਉਨਾਂ ਨਾਲ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਹੋਰ ਹਾਜ਼ਰ ਸਨ।
ਕਾਗਜ਼ ਦਾਖਲ ਕਰਵਾਉਣ ਤੋ ਪਹਿਲਾਂ ਆਪਣਾ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਚੰਨੀ ਨੇ ਇਕ ਚੋਣ ਰੈਲੀ ਕੀਤੀ। ਜਿਸ ਵਿਚ ਇਲਾਕੇ ਦੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
ਵਰਨਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦੇਣ ਦਾ ਚੌਧਰੀ ਪਰਿਵਾਰ ਨੇ ਵਿਰੋਧ ਕੀਤਾ ਸੀ। ਚੰਨੀ ਨੂੰ ਰਾਜਸੀ ਵਿਰੋਧੀ ਪਾਰਟੀਆ ਦੇ ਨਾਲ ਨਾਲ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਨਾਲ ਵੀ ਨਿਪਟਣਾ ਪੈ ਰਿਹਾ ਹੈ। ਚੰਨੀ ਨੂੰ ਟਿਕਟ ਦੇਣ ਦੇ ਵਿਰੋਧ ਵਿਚ ਉਨਾਂ ਦੇ ਕੁੜਮ ਮਹਿੰਦਰ ਸਿੰਘ ਕੇਪੀ ਨੇ ਵਿਰੋਧ ਕਰਦੇ ਹੋਏ ਕਾਂਗਰਸ ਦਾ ਹੱਥ ਛੱਡ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ। ਮਹਿੰਦਰ ਸਿੰਘ ਕੇਪੀ ਨੇ ਵੀ ਅੱਜ ਅਕਾਲੀ ਉਮੀਦਵਾਰ ਵਜੋਂ ਆਪਣੇ ਕਾਗਜ਼ ਦਾਖਲ ਕੀਤੇ ਹਨ। ਇਸੀ ਤਰਾਂ ਭਾਜਪਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਵੀ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।
ਜਲੰਧਰ ਹੌਟ ਸੀਟ ਬਣੀ ਹੋਈ ਹੈ, ਇਥੇ ਵੱਡੇ ਦਲਿਤ ਚਿਹਰੇ ਆਪਸ ਵਿਚ ਭਿੜ ਰਹੇ ਹਨ। ਬਹੁਜਨ ਸਮਾਜ ਪਾਰਟੀ ਦੇ ਬਲਵਿੰਦਰ ਕੁਮਾਰ ਵੀ ਬਸਪਾ ਦੇ ਤਕੜੇ ਉਮੀਦਵਾਰ ਮੰਨੇ ਜਾਂਦੇ ਹਨ। ਜਦਕਿ ਆਪ ਦੇ ਪਵਨ ਟੀਨੂੰ ਚੋਣ ਲੜ ਰਹੇ ਹਨ ਜੋ ਆਦਮਪੁਰ ਹਲਕੇ ਤੋ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਇਸੀ ਤਰਾ ਭਾਜਪਾ ਵਲੋ ਸੁਸ਼ੀਲ ਰਿੰਕੂ ਚੋਣ ਲੜ ਰਹੇ ਹਨ। ਜੋ ਪਹਿਲਾਂ ਕਾਂਗਰਸ ਦੇ ਵਿਧਾਇਕ ਅਤੇ ਆਪ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ। ਜਲੰਧਰ ਵਿਚ ਬਹੁਤ ਦਿਲਚਸਪ ਮੁਕਾਬਲਾ ਹੋ ਰਿਹਾ ਹੈ।