ਚੰਡੀਗੜ੍ਹ 20 ਮਈ (ਖ਼ਬਰ ਖਾਸ ਬਿਊਰੋ)
ਬਦਲਾਅ ਲਿਆਉਣ ਦੀ ਰਾਜਨੀਤੀ ਕਰਨ ਦੀ ਗੱਲ ਕਹਿ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ‘ਆਪ’ ਸਰਕਾਰ ਪੰਜਾਬੀਆਂ ਨਾਲ ਲਗਾਤਾਰ ਧੋਖਾ ਕਰਦੀ ਆ ਰਹੀ ਹੈ। ‘ਆਪ’ ਪਾਰਟੀ ਇੱਕ ਵਾਰ ਫਿਰ ਪੰਜਾਬ ਦੇ ਨੌਜਵਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਪੰਜਾਬ ਦੇ ਸੂਬਾ ਜਰਨਲ ਸਕੱਤਰ ਸ਼੍ਰੀ ਅਨਿਲ ਸਰੀਨ ਨੇ ਕੀਤਾ।
ਸ਼੍ਰੀ ਸਰੀਨ ਨੇ ਕਿਹਾ ਕਿ ‘ਆਪ’ ਪਾਰਟੀ ਨੇ ਆਪਣੇ ਸੀਨੀਅਰ ਆਗੂ ਤੇ ਸਾਂਸਦ ਸੰਦੀਪ ਪਾਠਕ ਦੇ ਨਿੱਜੀ ਸਹਾਇਕ ਦੀਪਕ ਚੌਹਾਨ (ਵਾਸੀ ਉੱਤਰ ਪ੍ਰਦੇਸ਼) ਨੂੰ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਨਿਯੁਕਤ ਕਰਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ ਅਤੇ ਏਨਾ ਹੀ ਨਹੀਂ ਪੰਜਾਬ ਦਾ ਇੱਕ ਹੋਰ ਵੱਡਾ ਅਦਾਰਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਦਿੱਲੀ ’ਚ ਕੇਜਰੀਵਾਲ ਦੀ ਸਲਾਹਕਾਰ ਅਤੇ ‘ਆਪ’ ਦਿੱਲੀ ਦੀ ਬੁਲਾਰਾ ਰਹੀ ਰੀਨਾ ਗੁਪਤਾ ਨੂੰ ਬਣਾਇਆ ਹੈ, ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਕੇਜਰੀਵਾਲ ਨੇ ਪੰਜਾਬ ਦਾ ਸਾਰਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਡੰਮੀ ਬਣ ਕੇ ਰਹਿ ਗਏ ਹਨ। ਇਹ ਅਹੁਦੇ ਆਪਣੇ ਖਾਸਮ ਖਾਸਾਂ ਨੂੰ ਵੰਡ ਕੇ ਕੇਜਰੀਵਾਲ ਦਿਖਾ ਰਿਹਾ ਹੈ ਕਿ ਹੁਣ ਪੰਜਾਬ ਉਸਦੇ ਹਿਸਾਬ ਨਾਲ ਚੱਲੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੀਆਂ ਰਾਜ ਸਭਾ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਰਾਘਵ ਚੱਢਾ ਪਾਰਟੀ ਸਹਿ-ਇੰਚਾਰਜ ਪੰਜਾਬ, ਪ੍ਰੋ. ਸੰਦੀਪ ਪਾਠਕ -IIT ਦਿੱਲੀ ਦੇ ਅਸਿਸਟੈਂਟ ਪ੍ਰੋਫ਼ੈਸਰ ਨੂੰ ਦਿੱਤੀਆਂ ਗਈਆਂ। ਕੇਜਰੀਵਾਲ ਦੇ ਖਾਸ ਪੀ.ਏ ਵਿਭਵ ਕੁਮਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਅੰਦਰ ਵਿਸ਼ੇਸ਼ ਰੈਂਕ ਦਿੱਤਾ ਗਿਆ। ਉਹਨਾਂ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਸ਼੍ਰੀ ਕਮਲ ਬਾਂਸਲ, ਚੇਅਰਮੈਨ-ਤੀਰਥ ਯਾਤਰਾ ਸਮਿਤੀ, ਦਿੱਲੀ ਦੇ ਸਾਬਕਾ ਆਈ ਏ ਐਸ ਸ਼੍ਰੀ ਸੱਤਿਆ ਗੋਪਾਲ ਨੂੰ ਚੇਅਰਮੈਨ-ਰੇਰਾ, (Real Estate Regulatory Authority) (ਸਾਬਕਾ IAS), ਸ਼੍ਰੀ ਮਤੀ ਸਤਬੀਰ ਕੌਰ ਬੇਦੀ ਨੂੰ ਚੇਅਰਮੈਨ-ਪੰਜਾਬ ਸਕੂਲ ਸਿੱਖਿਆ ਬੋਰਡ, ਅੰਕਿਤ ਸਕਸੈਨਾ ਵਾਸੀ ਇਲਾਹਾਬਾਦ ਨੂੰ ਪੰਜਾਬ ਸੋਸ਼ਲ ਮੀਡੀਆ ਦਾ ਅਸਿਸਟੈਂਟ ਮੈਨੇਜਰ ਲਗਾਇਆ ਗਿਆ।
ਸ਼੍ਰੀ ਸਰੀਨ ਨੇ ਕਿਹਾ ਕਿ AAP ਦੇ ਇਹ ਫ਼ੈਸਲੇ ਪੰਜਾਬੀ ਨੌਜਵਾਨਾਂ ਦੀ ਕਾਬਲੀਅਤ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦੇ ਹਨ। ਪੰਜਾਬ ਦੇ ਅਹੁਦੇ ਦਿੱਲੀ ਦੇ ਨੌਕਰਸ਼ਾਹਾਂ ਅਤੇ ‘ਆਪ’ ਆਗੂਆਂ ਦੇ ਸਹਾਇਕਾਂ ਨੂੰ ਦੇਣਾ ਪੰਜਾਬ ਦੀ ਆਤਮ ਨਿਰਭਰਤਾ ’ਤੇ ਵੱਡਾ ਹਮਲਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਸਟੇਜਾਂ ਤੇ ਖੜ੍ਹ ਕੇ ਭਾਸ਼ਣ ਦਿੰਦੇ ਸਨ ਕਿ ਆਮ ਵਰਕਰਾਂ ਨੂੰ ਮੌਕਾ ਦਿੱਤਾ ਜਾਵੇਗਾ, ਕੀ ਪੰਜਾਬੀ ਆਖਿਰ ਸਿਰਫ਼ ਦਰੀਆਂ ਝਾੜਨ ਲਈ ਹੀ ਰਹਿ ਗਏ ਹਨ? AAP ਪਾਰਟੀ ਦੀ ਸਰਕਾਰ ਨੂੰ ਪੰਜਾਬ ਦੀ ਜਨਤਾ ਨੂੰ ਸਾਫ਼ ਜਵਾਬ ਦੇਣਾ ਪਵੇਗਾ ਕਿ ਪੰਜਾਬ ਦੀਆਂ ਉਦਯੋਗਿਕ ਸੰਸਥਾਵਾਂ ਦੀ ਅਗਵਾਈ ਲਈ ਕੀ ਕੋਈ ਪੰਜਾਬੀ ਯੋਗ ਨਹੀਂ ਸੀ? ਦੀਪਕ ਚੌਹਾਨ ਜਾਂ ਰੀਨਾ ਗੁਪਤਾ ਕੋਲ ਅਜਿਹੀ ਕੀ ਕਾਬਲੀਅਤ ਸੀ ਜੋ ਹਰ ਪੰਜਾਬੀ ਉਮੀਦਵਾਰ ਤੋਂ ਉੱਪਰ ਸੀ?
ਸ਼੍ਰੀ ਅਨੀਲ ਸਰੀਨ ਨੇ ਕਿਹਾ ਕਿ ਭਾਜਪਾ ਪੰਜਾਬ ਇਨ੍ਹਾਂ ਦੋਵੇਂ ਨਿਯੁਕਤੀਆਂ ਦੇ ਰੂਪ ਵਿੱਚ ਪੰਜਾਬ ਨਾਲ ਕੀਤੇ ਗਏ ਵੱਡੇ ਧੋਖੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਇਹ ਨਿਯੁਕਤੀਆਂ ਤੁਰੰਤ ਰੱਦ ਕੀਤੀਆਂ ਜਾਣ। ਭਾਜਪਾ ਪੰਜਾਬ ਸੂਬੇ ਦੇ ਅਧਿਕਾਰਾਂ, ਆਤਮ-ਨਿਰਭਰਤਾ ਅਤੇ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਲਈ ਹਰ ਪੱਧਰ ’ਤੇ ਆਵਾਜ਼ ਚੁੱਕਦੀ ਰਹੇਗੀ।