ਸੁਨੀਲ ਜਾਖੜ ਨੇ ਭਾਰਤੀ ਫੌਜ ਵਲੋਂ ਅੱਤਵਾਦ ਨੂੰ ਜਵਾਬ ਦੇਣ ਲਈ ਪ੍ਰਧਾਨ ਮੰਤਰੀ ਤੇ ਫੌਜ ਦਾ ਕੀਤਾ ਧੰਨਵਾਦ

ਚੰਡੀਗੜ 7 ਮਈ (ਖ਼ਬਰ ਖਾਸ ਬਿਊਰੋ)

ਭਾਰਤੀ ਫੌਜ ਵੱਲੋਂ ਆਪਣੀ ਸੂਰਬੀਰਤਾ ਦਾ ਲੋਹਾ ਮਨਵਾਉਂਦਿਆਂ ਇੱਕ ਵਾਰੀ ਫਿਰ ਅੱਤਵਾਦ ਤੇ ਸਖ਼ਤ ਹਮਲਾ ਕਰ ਉਹਨਾਂ ਦੇ ਟਿਕਾਣਿਆਂ ਨੂੰ ਨਸ਼ਟ ਕਰਕੇ ਇਹ ਸਾਬਤ ਕਰ ਦਿੱਤਾ ਕਿ ਅਸੀਂ ਅੱਤਵਾਦ ਤੇ ਜੁਲਮ ਨੂੰ ਸਹਿਣ ਨਹੀਂ ਕਰਾਂਗੇ।

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਸੀਂ ਸਾਡੀਆਂ ਬਹਾਦਰ ਫੌਜਾਂ ਨੂੰ ਸਲੂਟ ਕਰਦੇ ਹਾਂ ਜਿਨਾਂ ਨੇ ਅੱਤਵਾਦੀਆਂ ਦੇ ਟਿਕਾਣੇ ਨਸ਼ਟ ਕਰਕੇ ਮਨੁੱਖਤਾ ਲਈ ਖਤਰਾ ਬਣੇ ਅੱਤਵਾਦ ਉੱਪਰ ਵੱਡੀ ਸੱਟ ਮਾਰੀ ਹੈ ਤੇ ਨਾਲ ਹੀ ਵਿਸ਼ੇਸ਼ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਸਾਡੀ ਫੌਜ ਨੂੰ ਪੇਸ਼ੇਵਾਰਾਨਾ ਤਰੀਕੇ ਨਾਲ ਟਾਰਗੇਟ ਚੁਣਨ ਦਾ ਮੌਕਾ ਦਿੱਤਾ।

ਜਾਖੜ ਨੇ ਕਿਹਾ ਕਿ ਸਾਡੀਆਂ ਫੌਜਾਂ ਨੇ ਨਾਗਰਿਕਾਂ ਤੇ ਅਟੈਕ ਕਰਨ ਦੀ ਬਜਾਏ ਸਿਰਫ ਅੱਤਵਾਦੀਆਂ ਦੇ ਟਿਕਾਣੇ ਨਸ਼ਟ ਕਰਕੇ ਸ਼ਾਨਦਾਰ ਕੰਮ ਕੀਤਾ ਹੈ। ਸਾਰਾ ਦੇਸ਼ ਸਾਡੀ ਫੌਜ ਨਾਲ ਚਟਾਨ ਵਾਂਗ ਖੜ੍ਹਾ ਹੈ। ਉਨਾਂ ਕਿਹਾ ਕਿ ਮੈਂ ਇਨਾਂ ਵਿਸ਼ੇਸ਼ ਪ੍ਰਸਥਿਤੀਆਂ ਦੇ ਮੱਦੇਨਜ਼ਰ ਸੂਬੇ ਦੇ ਸਮੂਹ ਕਿਸਾਨ ਜਥੇਬੰਦੀਆਂ ਤੇ ਹੋਰ ਸੰਗਠਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਧਰਨੇ ਪ੍ਰਦਰਸ਼ਨ ਫਿਲਹਾਲ ਮੁਲਤਵੀ ਕਰ ਦੇਣ ਕਿਉਂਕਿ ਇਹ ਸਮਾਂ ਦੁਸ਼ਮਣ ਨਾਲ ਟਾਕਰੇ ਦਾ ਹੈ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਦੇਸ਼ ਤੇ ਆਪਣੀ ਫੌਜ ਨਾਲ ਖੜੀਏ।

Leave a Reply

Your email address will not be published. Required fields are marked *