ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਰਲੇਵਾਂ ਕਰਨ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਧੜਾ ਹੁਣ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ. ਲੋਕ ਸਭਾ ਚੋਣਾਂ ਵਿਚ ਟਿਕਟਾਂ ਦੀ ਵੰਡ ਨੂੰ ਲੈ ਕੇ ਢੀਂਡਸਾ ਪਰਿਵਾਰ ਡਾਹਢਾ ਦੁੱਖੀ ਦੱਸਿਆ ਜਾ ਰਿਹਾ ਹੈ , ਪਰ ਬਦਲੇ ਹੋਏ ਸਿਆਸੀ ਸਮੀਕਰਣਾਂ ਕਾਰਨ ਉਨ੍ਹਾਂ ਦੀ ਕੋਈ ਪੇਸ਼ ਨਹੀਂ ਚੱਲ ਰਹੀ ਤੇ ਢੀਂਡਸਾ ਪਰਿਵਾਰ ਹੁਣ ਜ਼ਲਦਬਾਜੀ ਵਿਚ ਕੋਈ ਫੈਸਲਾ ਨਹੀਂ ਲੈਣਾ ਚਾਹੁੰਦਾ
ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਨੇ ਉਮੀਦਵਾਰਾਂ ਦੀ ਜਾਰੀ ਕੀਤੀ ਪਹਿਲੀ ਲਿਸਟ ਵਿੱਚ ਢੀਂਡਸਾ ਧੜੇ ਨੂੰ ਕੋਈ ਤਵੱਜੋ ਨਹੀਂ ਦਿੱਤੀ ਬਲਕਿ ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾ ਨੂੰ ਟਿਕਟ ਦੇ ਦਿੱਤੀ। ਜਦਕਿ ਸੰਗਰੂਰ ਤੋਂ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਟਿਕਟ ਦੀ ਉਮੀਦ ਲਗਾਈ ਬੈਠੇ ਸਨ।ਇਹੀ ਨਹੀਂ ਪਾਰਟੀ ਨੇ ਫਰੀਦਕੋਟ ਰਾਖਵੇਂ ਹਲਕੇ ਤੋਂ ਸਾਬਕਾ ਮੰਤਰੀ ਗੁਰਦੇਵ ਸਿੰਘ ਬਾਦਲ ਦੇ ਪੋਤਰੇ ਰਾਜਵਿੰਦਰ ਸਿੰਘ ਨੂੰ ਉਮੀਦਵਾਰ ਬਣਾ ਦਿੱਤਾ ਹੈ।ਇੱਥੋ ਸਾਬਕਾ ਲੋਕ ਸਭਾ ਮੈਂਬਰ ਪਰਮਜੀਤ ਕੌਰ ਗੁਲਸ਼ਨ ਪਤਨੀ ਸਾਬਕਾ ਜਸਟਿਸ ਨਿਰਮਲ
ਸਿੰਘ ਟਿਕਟ ਦੇ ਦਾਅਵਾ ਜਤਾ ਰਹੀ ਸੀ।ਇਸਤੋਂ ਇਲਾਵਾ ਫਤਿਹਗੜ੍ਹ ਸਾਹਿਬ ਦੀ ਰਾਖਵੀਂ ਸੀਟ ’ਤੇ ਵੀ ਉਹ ਆਪਣਾ ਹੱਕ ਜਤਾ ਰਹੇ ਸਨ।
ਅਕਾਲੀ ਦਲ ਨੇ ਇਹਨਾਂ ਦੋਵਾਂ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰ ਦਿੱਤੇ ਹਨ। ਜਿਸ ਕਰਕੇ ਮਾਲਵੇ ਦੀਆਂ ਦੋਵੇ ਰਾਖਵੀਆਂ ਸੀਟਾਂ ’ਤੇ ਗੁਲਸ਼ਨ ਦਾ ਦਾਅਵਾ ਖ਼ਤਮ ਹੋ ਗਿਆ ਹੈ।ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਢੀਂਡਸਾ ਪਰਿਵਾਰ ਭਾਜਪਾ ਨਾਲ ਸਾਂਝ ਪਾਉਣ ਨੂੰ ਲੈ ਕੇ ਵਿਚਾਰ ਵਿਟਾਂਦਰਾ ਕਰ ਰਿਹਾ ਹੈ, ਪਰ ਕਿਸਾਨਾਂ ਦੇ ਵਿਰੋਧ ਕਾਰਨ ਅਤੇ ਸੂਬੇ ਵਿਚ ਬਦਲੀਆਂ
ਸਿਆਸੀ ਪ੍ਰਸਥਿਤੀਆਂ ਦੇ ਮੱਦੇਨਜ਼ਰ ਢੀੰਡਸਾ ਦੇ ਫਰਜ਼ੰਦ ਪਰਮਿੰਦਰ ਸਿੰਘ ਢੀਂਡਸਾ ਕੋਈ ਕਾਹਲੀ ਨਹੀਂ ਕਰਨਾ ਚਾਹੁੰਦੇ।
ਇਸ ਵਕਤ ਢੀਂਡਸਾ ਪਰਿਵਾਰ ਦੀ ਹਾਲਤ ਕਾਫ਼ੀ ਕਸੂਤੀ ਬਣੀ ਹੋਈ ਹੈ ਕਿਉੰਕਿ ਅਕਾਲੀ ਦਲ ਖਾਸਕਰਕੇ ਸੁਖਬੀਰ ਬਾਦਲ ਨਾਲ ਦੋਸਤੀ ਦੇ ਹੱਥ ਵਧਾਉਣ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਵਲੋ ਜਸਟਿਸ ਨਿਰਮਲ ਸਿੰਘ ਦੀ ਅਗਵਾਈ ਹੇਠ ਗਠਿਤ ਕੀਤੀ ਕਮੇਟੀ ਨੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨਾਲ ਮੁਲਾਕਾਤ ਕੀਤੀ ਤਾਂ ਉਸ ਵਕਤ ਕੁੱਝ ਆਗੂ ਸੁਖਬੀਰ ਨਾਲ ਸਮਝੌਤਾ ਕਰਨ ਦੇ ਰੌਅ ਵਿਚ ਨਹੀਂ ਸੀ। ਬਹੁਤ ਸਾਰੇ ਆਗੂਆਂ ਨੇ ਦੱਬੀ ਅਵਾਜ਼ ਵਿਚ ਵਿਰੋਧ ਦਰਜ਼ ਕਰਵਾਇਆ ਸੀ। ਹੁਣ ਢੀਂਡਸਾ ਪਰਿਵਾਰ ਸਿਆਸੀ ਗਿਣਤੀਆਂ ਮਿਣਤੀਆਂ ਕਰ ਰਿਹਾ ਹੈ ਅਤੇ ਕਾਹਲੀ ਵਿਚ ਕੋਈ ਫੈਸਲਾ ਨਹੀਂ ਲੈਣਾ ਚਾਹੁੰਦਾ।