ਅੰਮ੍ਰਿਤਸਰ, 30 ਅਪਰੈਲ (ਖਾਸ ਖਬਰ ਬਿਊਰੋ)
ਕ੍ਰਿਕਟ ਖਿਡਾਰੀ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਹੁਣ ਇਕ ਚਿੰਤਕ ਦੇ ਰੂਪ ਵਿਚ ਨਜ਼ਰ ਆਉਣਗੇ। ਉਨ੍ਹਾਂ ਅੱਜ ਆਪਣਾ ਇਕ ਨਵਾਂ ਯੂਟਿਊਬ ਚੈਨਲ ‘ਨਵਜੋਤ ਸਿੱਧੂ ਆਫੀਸ਼ਿਅਲ’ ਸ਼ੁਰੂ ਕੀਤਾ ਹੈ। ਇਸ ਯੂਟਿਊਬ ਚੈਨਲ ’ਤੇ ਉਹ ਲੋਕਾਂ ਨਾਲ ਪ੍ਰੇਰਨਾਦਾਇਕ/ਹੌਂਸਲਾ ਵਧਾਉ, ਸਿਹਤ, ਆਪਣੇ ਸੁੰਦਰ ਕੱਪੜਿਆਂ ਦਾ ਰਾਜ਼, ਕ੍ਰਿਕਟ, ਮੈਡੀਟੇਸ਼ਨ ਸਮੇਤ ਹੋਰ ਅਜਿਹੀਆਂ ਗੱਲਾਂ ਕਰਦੇ ਨਜ਼ਰ ਆਉਣਗੇ।
ਇਹ ਖੁਲਾਸਾ ਉਨ੍ਹਾਂ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ ਹੈ। ਆਪਣੇ ਗ੍ਰਹਿ ਸਥਾਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਇਕ ਨਵਾਂ ਯੂਟਿਊਬ ਚੈਨਲ ਨਵਜੋਤ ਸਿੱਧੂ ਆਫੀਸ਼ਿਅਲ ਸ਼ੁਰੂ ਕਰ ਰਹੇ ਹਨ, ਜਿਸ ਦਾ ਸੰਚਾਲਨ ਉਹਨਾਂ ਦੀ ਧੀ ਅਤੇ ਇਕ ਹੋਰ ਨੇੜਲੇ ਸਾਥੀ ਵੱਲੋਂ ਕੀਤਾ ਜਾਵੇਗਾ। ਇਸ ਚੈਨਲ ’ਤੇ ਰੋਜ਼ਾਨਾ ਨਵਜੋਤ ਸਿੱਧੂ ਨਾਲ ਸਬੰਧਤ ਇਕ ਵੀਡੀਓ ਅਪਲੋਡ ਕੀਤੀ ਜਾਵੇਗੀ। ਇਸ ਚੈਨਲ ਰਾਹੀਂ ਉਹ ਲੋਕਾਂ ਦੇ ਸਨਮੁਖ ਹੋਣਗੇ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕਰਨਗੇ।
ਸਿਆਸਤ ਤੋਂ ਦੂਰ ਹੋਣ ਸਬੰਧੀ ਸਵਾਲ ਬਾਰੇ ਉਨ੍ਹਾਂ ਸਪਸ਼ਟ ਜਵਾਬ ਦੇਣ ਦੀ ਥਾਂ ਆਪਣੇ ਰਿਵਾਇਤੀ ਅੰਦਾਜ਼ ਵਿਚ ਇਸ ਦਾ ਗੋਲਮੋਲ ਜਵਾਬ ਦਿੱਤਾ, ਪਰ ਉਨ੍ਹਾਂ ਸਾਫ਼ ਕੀਤਾ ਹੈ ਕਿ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਸਰਗਰਮ ਸਿਆਸਤ ਦਾ ਹਿੱਸਾ ਬਣੇ ਰਹਿਣਗੇ।