ਜਿਸ ਤਰ੍ਹਾਂ ਹੁਣ ਕੁਦਰਤ ਆਪਣਾ ਜਲਵਾ ਵਿਖਾਉਣ ਲੱਗੀ ਹੈ, ਇਸ ਤੋਂ ਆਧੁਨਿਕ ਮਨੁੱਖ ਕੋਈ ਸੇਧ ਲੈਂਦਾ ਹੈ ਜਾਂ ਨਹੀਂ। ਇਹ ਤਾਂ ਬਾਅਦ ਦੀਆਂ ਗੱਲਾਂ ਹਨ ਪਰ ਜਦੋਂ ਅਸੀਂ ਮਨੁੱਖ ਦੀ ਉਤਪੱਤੀ ਦੇ ਇਤਿਹਾਸ ਨੂੰ ਫਰੋਲਦੇ ਹਾਂ ਤਾਂ ਪਤਾ ਲੱਗਦਾ ਕਿ ਧਰਤੀ ਵੱਡੀਆਂ ਗੈਸਾਂ ਦਾ ਸਮੂਹ ਸੀ ਜੋ ਹੌਲੀ ਹੌਲੀ ਠੰਡੀਆਂ ਹੋਈਆਂ। ਮਨੁੱਖ ਨੇ ਜਦੋਂ ਦਾ ਧਰਤੀ ਉੱਪਰ ਪੈਰ ਰੱਖਿਆ ਹੈ, ਉਸ ਨੇ ਕੁਦਰਤ ਦੇ ਨਾਲ ਦੁਸ਼ਮਣੀ ਪਾ ਲਈ ਹੈ। ਇਹ ਦੁਸ਼ਮਣੀ ਉਸ ਦੀ ਲਗਾਤਾਰ ਵਧਦੀ ਜਾ ਰਹੀ ਹੈ । ਵਿਗਿਆਨੀਆਂ ਨੇ ਮਨੁੱਖ ਦੀਆਂ ਸੁੱਖ ਸਹੂਲਤਾਂ ਲਈ ਬਹੁਤ ਸਾਰੀਆਂ ਇਹੋ ਜਿਹੀਆਂ ਖੋਜਾਂ ਕਰ ਦਿੱਤੀਆਂ ਹਨ, ਜਿਨਾਂ ਨੇ ਕੁਦਰਤੀ ਵਰਤਾਰਿਆਂ ਨੂੰ ਚੈਲੇੰਜ ਕੀਤਾ ਹੈ। ਵਿਗਿਆਨ ਤੇ ਕੁਦਰਤ ਦੀ ਟੱਕਰ ਸਦੀਆਂ ਤੋਂ ਚਲਦੀ ਆ ਰਹੀ ਹੈ ਪਰ ਹਮੇਸ਼ਾ ਕੁਦਰਤ ਹੀ ਭਾਰੂ ਹੁੰਦੀ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਅਰਬ ਦੇਸ਼ਾਂ ਦੇ ਵਿੱਚ ਜਿਸ ਤਰ੍ਹਾਂ ਮੀਂਹ ਨੇ ਤੂਫਾਨ ਮਚਾਇਆ ਹੈ, ਉਸਨੇ ਇੱਕ ਵਾਰ ਮਨੁੱਖ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਕੁਦਰਤ ਵੱਡੀ ਹੈ ਜਾਂ ਸਾਇੰਸ ? ਹੁਣ ਇਹ ਮੀਂਹ ਦਾ ਤੂਫਾਨ ਅਮਰੀਕਾ ਦੇ ਵਿੱਚ ਪੁੱਜ ਗਿਆ ਹੈ, ਜਿਸ ਨੇ ਅਮਰੀਕਾ ਦੇ ਵਿੱਚ ਤਰਥੱਲੀ ਮਚਾਈ ਹੋਈ ਹੈ। ਧਰਤੀ ਉੱਤੇ ਲਗਾਤਾਰ ਮੀਹ ਦਾ ਪੈਣਾ, ਗਰਮੀ ਦਾ ਵਧਣਾ, ਬਰਫਾਂ ਦਾ ਪਿਘਲਣਾ ਤੇ ਸਮੁੰਦਰ ਦਾ ਪੱਧਰ ਉੱਚਾ ਹੋਈ ਜਾਣਾ ਇਹ ਕੁੱਝ ਆਉਣ ਵਾਲੇ ਤੂਫਾਨ ਦੀਆਂ ਨਿਸ਼ਾਨੀਆਂ ਹਨ ਪਰ ਮਨੁੱਖ ਨੇ ਕੁਦਰਤ ਦੀਆਂ ਇਹਨਾਂ ਨਿਸ਼ਾਨੀਆਂ ਨੂੰ ਸਮਝਣ ਦੀ ਬਜਾਏ, ਉਹਨਾਂ ਦੇ ਬਚਾਅ ਲਈ ਨਵੀਆਂ ਖੋਜਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਕੋਈ ਸਮਾਂ ਸੀ ਜਦੋਂ ਮਨੁੱਖ ਗਰਮੀਆਂ ਦੇ ਵਿੱਚ ਰੁੱਖਾਂ ਦੀ ਛਾਂ ਹੇਠ ਬੈਠ ਕੇ ਗੁਜ਼ਾਰਾ ਕਰਦਾ ਸੀ ਪਰ ਹੁਣ ਮੱਧ ਵਰਗੀ ਪਰਿਵਾਰ ਗਰਮੀ ਤੋਂ ਬਚਣ ਲਈ ਏ ਸੀ ਦੀ ਵਰਤੋਂ ਕਰਨ ਲੱਗ ਪਿਆ ਹੈ। ਜਿਸ ਦੇ ਨਾਲ ਧਰਤੀ ਉੱਪਰ ਵਾਤਾਵਰਨ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਪ੍ਰਦੂਸ਼ਣ ਦੇ ਕਾਰਨ ਹੀ ਵਾਤਾਵਰਨ ਦਾ ਤਵਾਜਨ ਦਿਨੋਂ ਦਿਨ ਵਿਗੜ ਰਿਹਾ ਹੈ। ਇਸ ਵਿਗੜੇ ਤਵਾਜ਼ਨ ਦੇ ਨਤੀਜੇ ਤਾਂ ਸਾਹਮਣੇ ਆਉਣ ਲੱਗ ਪਏ ਹਨ ਪਰ ਮਨੁੱਖ ਦੀ ਸੋਚ ਵਿੱਚ ਕੋਈ ਫਰਕ ਨਹੀਂ ਪਿਆ। ਅਜੋਕਾ ਮਨੁੱਖ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਣ ਲਈ ਰੁੱਖਾਂ ਤੇ ਕੁੱਖਾਂ ਦਾ ਕਤਲ ਕਰਦਾ ਜਾ ਰਿਹਾ ਹੈ। ਦੁਨੀਆ ਤੇ ਜਿੰਨਾ ਵੀ ਵਿਕਾਸ ਹੋਇਆ ਹੈ, ਉਸ ਨੇ ਧਰਤੀ ਉੱਪਰੋਂ ਜੰਗਲਾਂ ਨੂੰ ਤਬਾਹ ਕਰ ਦਿੱਤਾ ਹੈ। ਜੰਗਲਾਂ ਦੇ ਖਤਮ ਹੋਣ ਨਾਲ ਧਰਤੀ ਦਾ ਵਾਤਾਵਰਨ ਵਿਗੜ ਗਿਆ ਹੈ। ਜਿਸ ਕਾਰਨ ਹੁਣ ਬੇਮੌਸਮੇ ਮੀਂਹ, ਸਰਦੀ ਤੇ ਗਰਮੀ ਪੈਂਦੀ ਹੈ। ਸਿਆਣੇ ਕਹਿੰਦੇ ਨੇ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਹੈ ਪਰ ਅਧੁਨਿਕ ਦੌਰ ਦਾ ਮਨੁੱਖ ਪਤਾ ਨਹੀਂ ਕਦੋਂ ਵਾਪਸ ਪਰਤੇਗਾ? ਜਦੋਂ ਮਨੁੱਖ ਵਾਪਸ ਪਰਤੇਗਾ ਉਹਨੂੰ ਨ ਉਡੀਕਣ ਵਾਲੇ ਇਸ ਧਰਤੀ ਦੇ ਉੱਪਰ ਉਸਦੇ ਆਪਣੇ ਤੇ ਦੋਸਤ ਮਿੱਤਰ ਹੋਣਗੇ ? ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਹਰ ਮਨੁੱਖ ਇੱਕ ਅਜਿਹੀ ਦੌੜ ਵਿੱਚ ਦੌੜਿਆ ਜਾ ਰਿਹਾ ਹੈ, ਜਿਸ ਦਾ ਨਾ ਕੋਈ ਆਦਿ ਹੈ ਨਾ ਹੀ ਅੰਤ ਹੈ। ਸਿਆਣੇ ਕਹਿੰਦੇ ਹਨ ਕਿ ਹੁਣ ਤਾਂ ਕੋਈ ਪਰਲੋਂ ਹੀ ਆਏਗੀ, ਉਹੀ ਇਸ ਧਰਤੀ ਨੂੰ ਸਵਰਗ ਬਣਾਈ ਗਈ ਪਰ ਆਧੁਨਿਕ ਮਨੁੱਖ ਨੇ ਇਸ ਧਰਤੀ ਨੂੰ ਨਰਕ ਬਣਾ ਦਿੱਤਾ ਹੈ। ਜਿਸ ਦਾ ਸੰਤਾਪ ਸਮੁੱਚੀ ਦੁਨੀਆਂ ਨੂੰ ਭੁਗਤਣਾ ਪੈ ਰਿਹਾ ਹੈ। ਜੇਕਰ ਮਨੁੱਖ ਹੁਣ ਵੀ ਨਾ ਸਮਝਿਆ ਤਾਂ ਆਉਣ ਵਾਲੇ ਸਮਿਆਂ ਵਿੱਚ ਮਨੁੱਖ ਆਪਣੀ ਹੋਂਦ ਵੀ ਗਵਾ ਲਵੇਗਾ।
ਬੁੱਧ ਸਿੰਘ ਨੀਲੋਂ
9464370823