–5.28 ਲੱਖ ਵੋਟਰ ਪਹਿਲੀ ਵਾਰ ਪਾਉਣਗੇ ਵੋਟ
– ਸੂਬੇ ‘ਚ ਕੁੱਲ 24,451 ਪੋਲਿੰਗ ਸਟੇਸ਼ਨ
– 1.89 ਲੱਖ ਵੋਟਰਾਂ ਦੀ ਉਮਰ 85 ਸਾਲ ਤੋਂ ਵੱਧ
– ‘ਇਸ ਵਾਰ 70 ਪਾਰ’ ਦੇ ਟੀਚੇ ਦੀ ਪੂਰਤੀ ਲਈ ਵੋਟਰਾਂ ਨੂੰ ਵੱਧ-ਚੜ੍ਹ ਕੇ ਵੋਟਾਂ ਪਾਉਣ ਦੀ ਅਪੀਲ
ਚੰਡੀਗੜ੍ਹ, 7 ਮਈ (ਖ਼ਬਰ ਖਾਸ ਬਿਊਰੋ)
ਲੋਕ ਸਭਾ ਚੋਣਾਂ 2024 ਲਈ ਪੰਜਾਬ ਵਿਚ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਅਤੇ 14 ਮਈ ਤੱਕ ਜਾਰੀ ਰਹੇਗਾ। 11 ਅਤੇ 12 ਮਈ ਨੂੰ ਛੁੱਟੀਆਂ ਹੋਣ ਕਰਕੇ ਕਾਗਜ਼ ਜਮ੍ਹਾਂ ਨਹੀਂ ਹੋਣਗੇ। 15 ਮਈ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 17 ਮਈ ਉਮੀਦਵਾਰੀ ਵਾਪਸ ਲੈਣ ਦੀ ਅੰਤਿਮ ਤਾਰੀਖ ਹੈ। 1 ਜੂਨ ਨੂੰ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ।
ਜ਼ਿਆਦਾ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 4 ਮਈ ਪੰਜਾਬ ਵਿਚ ਨਵੀਆਂ ਵੋਟਾਂ ਬਣਾਉਣ ਦੀ ਅੰਤਿਮ ਤਾਰੀਖ ਸੀ ਅਤੇ 6 ਮਈ ਨੂੰ ਜਾਰੀ ਕੀਤੀ ਗਈ ਵੋਟਰ ਸੂਚੀ ਅਨੁਸਾਰ ਪੰਜਾਬ ਵਿਚ ਕੁੱਲ ਵੋਟਰਾਂ ਦੀ ਗਿਣਤੀ 2 ਕਰੋੜ 14 ਲੱਖ 21 ਹਜ਼ਾਰ 555 (2,14,21,555) ਹੈ। ਇਸ ਵਿਚ 1 ਕਰੋੜ 12 ਲੱਖ 67 ਹਜ਼ਾਰ 19 (1,12,67,019) ਮਰਦ ਵੋਟਰ, 1 ਕਰੋੜ 1 ਲੱਖ 53 ਹਜ਼ਾਰ 767 (1,01,53,803) ਮਹਿਲਾ ਵੋਟਰ ਅਤੇ 769 ਹੋਰ ਵੋਟਰ ਹਨ। 4 ਮਈ ਤੱਕ ਨਵੀਆਂ ਵੋਟਾਂ ਬਣਨ ਲਈ ਜਮ੍ਹਾਂ ਕਰਵਾਏ ਗਏ ਫਾਰਮਾਂ ਦਾ ਨਿਪਟਾਰਾ 14 ਮਈ ਤੱਕ ਕੀਤਾ ਜਾਣ ਹੈ, ਇਸ ਲਈ ਕੁੱਲ ਵੋਟਰਾਂ ਦੀ ਅੰਤਿਮ ਪ੍ਰਕਾਸ਼ਨਾ ਇਸ ਮਿਤੀ ਤੋਂ ਬਾਅਦ ਸਾਹਮਣੇ ਆਵੇਗੀ।
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ 5 ਲੱਖ 28 ਹਜ਼ਾਰ 864 ਵੋਟਰ 18-19 ਸਾਲ ਗਰੁੱਪ ਨਾਲ ਸਬੰਧ ਰੱਖਦੇ ਹਨ ਜੋ ਕਿ ਪਹਿਲੀ ਵਾਰ ਵੋਟ ਪਾਉਣਗੇ। ਇਨ੍ਹਾਂ ਵਿਚ 3 ਲੱਖ 16 ਹਜ਼ਾਰ 670 ਮੁੰਡੇ, 2 ਲੱਖ 12 ਹਜ਼ਾਰ 178 ਕੁੜੀਆਂ ਅਤੇ 16 ਹੋਰ ਵੋਟਰ ਹਨ। ਇਸੇ ਤਰ੍ਹਾਂ 1 ਲੱਖ 89 ਹਜ਼ਾਰ 832 ਵੋਟਰ 85 ਸਾਲ ਤੋਂ ਜ਼ਿਆਦਾ ਉਮਰ ਦੇ ਹਨ, ਜਿਨ੍ਹਾਂ ਵਿਚ 88,169 ਮਰਦ, 1,01,661 ਮਹਿਲਾਵਾਂ ਅਤੇ 2 ਹੋਰ ਵੋਟਰ ਹਨ।