ਵਿਜੀਲੈਂਸ ਮੁਖੀ ਐਸਪੀਐਸ ਪਰਮਾਰ, ਏਆਈਜੀ ਸਵਰਨਦੀਪ ਅਤੇ ਐਸਐਸਪੀ ਮੰਡੇਰ ਮੁਅੱਤਲ

–ਏਡੀਜੀਪੀ ਇੰਟੈਲੀਜੈਂਸ ਪ੍ਰਵੀਨ ਕੁਮਾਰ ਸਿਨਹਾ ਨੂੰ ਵਿਜੀਲੈਂਸ ਦਾ ਚਾਰਜ ਸੌਂਪਿਆ ਗਿਆ…

ਚੰਡੀਗੜ੍ਹ 25 ਅਪ੍ਰੈਲ ( ਖ਼ਬਰ ਖਾਸ  ਬਿਊਰੋ)

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਰਾਈਵਿੰਗ ਲਾਇਸੈਂਸ ਘੁਟਾਲੇ ਦੇ ਸਾਹਮਣੇ ਆਉਣ ‘ਤੇ ਕਾਰਵਾਈ ਨਾ ਕਰਨ ਵਿੱਚ ਦਿਖਾਈ ਗਈ ਲਾਪਰਵਾਹੀ ਦੇ ਮੱਦੇਨਜ਼ਰ ਵਿਜੀਲੈਂਸ ਬਿਊਰੋ ਦੇ ਮੁਖੀ ਐਸਪੀਐਸ ਪਰਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਦੇ ਨਾਲ ਏਆਈਜੀ ਫਲਾਇੰਗ ਸਕੁਐਡ ਸਵਰਨਦੀਪ ਸਿੰਘ ਅਤੇ ਐਸਐਸਪੀ ਵਿਜੀਲੈਂਸ ਜਲੰਧਰ ਹਰਪ੍ਰੀਤ ਸਿੰਘ ਮੰਡੇਰ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।

ਵਧੀਕ ਮੁੱਖ ਸਕੱਤਰ ਗ੍ਰਹਿ ਆਲੋਕ ਸ਼ੇਖਰ ਵੱਲੋਂ ਜਾਰੀ ਹੁਕਮਾਂ ਵਿੱਚ, ਇਨ੍ਹਾਂ ਤਿੰਨਾਂ ਅਧਿਕਾਰੀਆਂ ਨੂੰ ਮੁਅੱਤਲ ਕਰਨ ਦਾ ਕਾਰਨ ਗੰਭੀਰ ਦੁਰਾਚਾਰ ਅਤੇ ਡਿਊਟੀ ਵਿੱਚ ਅਣਗਹਿਲੀ ਦੱਸਿਆ ਗਿਆ ਹੈ ਅਤੇ ਮੁਅੱਤਲੀ ਦੌਰਾਨ, ਤਿੰਨਾਂ ਅਧਿਕਾਰੀਆਂ ਨੂੰ ਡੀਜੀਪੀ ਦਫ਼ਤਰ ਵਿੱਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਤਿੰਨੋਂ ਅਧਿਕਾਰੀ ਆਪਣੇ ਉੱਚ ਅਧਿਕਾਰੀ ਨੂੰ ਸੂਚਿਤ ਕੀਤੇ ਬਿਨਾਂ ਸਟੇਸ਼ਨ ਨਹੀਂ ਛੱਡਣਗੇ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਹਾਲ ਹੀ ਵਿੱਚ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਟਰਾਂਸਪੋਰਟ ਵਿਭਾਗ ਵਿੱਚ ਵੱਡੀ ਗਿਣਤੀ ਵਿੱਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਛਾਪੇਮਾਰੀ ਕੀਤੀ ਸੀ ਅਤੇ ਉਨ੍ਹਾਂ ਦੇ ਰਿਕਾਰਡ ਵੀ ਜ਼ਬਤ ਕੀਤੇ ਗਏ ਸਨ ਜਿਸ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਲੋਕਾਂ ਨੇ ਸਹੀ ਟੈਸਟ ਦਿੱਤੇ ਬਿਨਾਂ ਹੀ ਆਪਣੇ ਡਰਾਈਵਿੰਗ ਲਾਇਸੈਂਸ ਪ੍ਰਾਪਤ ਕੀਤੇ ਹਨ। ਟੈਸਟ ਦਿੱਤੇ ਬਿਨਾਂ ਜਾਂ ਕਿਸੇ ਹੋਰ ਨੂੰ ਟੈਸਟ ਲਈ ਖੜ੍ਹਾ ਕਰਕੇ ਟੈਸਟ ਦੇਣ ਦੇ ਕਈ ਮਾਮਲੇ ਵੀ ਸਾਹਮਣੇ ਆਏ। ਇਸ ਗੈਰ-ਕਾਨੂੰਨੀ ਗਤੀਵਿਧੀ ਵਿੱਚ ਆਰਟੀਓ ਅਧਿਕਾਰੀਆਂ, ਵਿਚੋਲਿਆਂ ਦਾ ਗਰੁ੍ਪ ਕੰਮ ਕਰ ਰਹੇ ਸਨ। ਇਹਨਾਂ ਦੀ ਭ੍ਰਿਸ਼ਟ ਕਾਰਵਾਈ ਕਰਕੇ ਸਰਕਾਰ ਦੀ ਬਦਨਾਮੀ ਹੋ ਰਹੀ ਸੀ।

Leave a Reply

Your email address will not be published. Required fields are marked *