ਚੰਡੀਗੜ੍ਹ 7 ਮਈ, (ਖ਼ਬਰ ਖਾਸ ਬਿਊਰੋ)
ਸ੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਦੇ ਪ੍ਰਧਾਨ ਅਤੇ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਹਰਦੀਪ ਸਿੰਘ ਬੁਟੇਰਲਾ ਨੇ ਕਾਗਜ਼ ਭਰਨ ਲਈ ਨੋਟੀਫਿਕੇਸ਼ਨ ਹੋਣ ਤੋ ਇਕ ਦਿਨ ਪਹਿਲਾਂ ਅਕਾਲੀ ਦਲ ਨੂੰ ਫਤਹਿ ਬੁਲਾ ਦਿੱਤੀ। ਹਰਦੀਪ ਸਿੰਘ ਨੇ ਇਕੱਲਿਆ ਹੀ ਨਹੀਂ ਉਸਦੀ ਕਾਰਜਕਾਰਨੀ ਯਾਨੀ ਉਸਦੇ ਜਥੇ ਨੇ ਵੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਾ ਸਾਥ ਛੱਡਣ ਦਾ ਐਲਾਨ ਕਰ ਦਿੱਤਾ। ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਚ ਅਕਾਲੀ ਦਲ ਲਈ ਇਹ ਵੱਡੇ ਝਟਕੇ ਤੋਂ ਘੱਟ ਨਹੀਂ ਹੈ।
ਸਿਆਸਤ ਵਿਚ ਲੋਕ ਟਿਕਟ ਲੈਣ ਲਈ ਹਾੜੇ ਕੱਢਦੇ ਫਿਰਦੇ ਹਨ, ਪਰ ਇੱਥੇ ਹਰਦੀਪ ਸਿੰਘ ਬੁਟੇਰਲਾ ਨੇ ਘਰ ਆਈ ਟਿਕਟ ਮੋੜ ਦਿੱਤੀ। ਬੁਟੇਰਲਾ ਅਕਾਲੀ ਦਲ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਦੇ ਖਾਸਮਖਾਸ ਵਿਅਕਤੀਆਂ ਵਿਚ ਸੁਮਾਰ ਸੀ। ਚੀਮਾ ਨੇ ਹੀ ਬੁਟੇਰਲਾ ਨੂੰ ਪਾਰਟੀ ਦੀ ਇਹ ਜੁੰਮੇਵਾਰੀਆਂ ਦਿਵਾਉਣ ਵਿਚ ਵੱਡੀ ਭੁਮਿਕਾ ਨਿਭਾਈ ਹੈ।
ਬੁਟੇਰਲਾ ਨੇ ਪੱਤਰਕਾਰਾਂ ਨਾਲ ਗ੍ਲਬਾਤ ਕਰਦਿਆਂ ਇਹ ਦੋਸ਼ ਲਾਇਆ ਕਿ ਟਿਕਟ ਦੇਣ ਮੌਕੇ ਪਾਰਟੀ ਨੇ ਇਹ ਭਰੋਸਾ ਦਿੱਤਾ ਸੀ ਕਿ ਚੋਣਾਂ ਵਿਚ ਵਿੱਤੀ ਮੱਦਦ ਦੇਵੇਗੀ ਯਾਨੀ ਸਾਰਾ ਖਰਚਾ ਪਾਰਟੀ ਚੁੱਕੇਗੀ। ਟਿਕਟ ਦੇਣ ਤੋਂ ਬਾਅਦ ਉਨਾਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਪਰ ਪਾਰਟੀ ਨੇ ਫੁੱਟੀ ਕੌਡੀ ਨਹੀਂ ਦਿੱਤੀ। ਇਸ ਤਰਾਂ ਹਰਦੀਪ ਸਿੰਘ ਨੇ ਸਾਥੀਆਂ ਸਮੇਤ ਸਮੁੱਚੀ ਕਾਰਜਕਾਰਨੀ ਨੂੰ ਅਲਵਿਦਾ ਕਹਿ ਦਿੱਤਾ।
ਇਹ ਇਕ ਕਾਰਨ ਹੋ ਸਕਦਾ ਹੈ, ਪਰ ਸਿਆਸਤ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਇਹ ਕੋਈ ਵੱਡਾ ਕਾਰਨ ਨਹੀਂ ਹੈ। ਸਿਆਸੀ ਹਲਕਿਆਂ ਵਿਚ ਚਰਚਾਵਾਂ ਦਾ ਬਜ਼ਾਰ ਇਹ ਗਰਮ ਹੈ ਕਿ ਹਰਦੀਪ ਬੁਟੇਰਲਾ ਅਕਾਲੀ ਦਲ ਦਾ ਇਕੋ ਇਕ ਕੌਸਲਰ ਰਿਹਾ ਹੈ, ਜਿਸਨੂੰ ਨਗਰ ਨਿਗਮ ਚੰਡੀਗੜ ਦਾ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਬਣਨ ਦਾ ਸੁਭਾਗ ਮਿਲਿਆ ਹੋਵੇ। ਇਹ ਸਭ ਉਦੋਂ ਬਣਿਆ ਜਦੋਂ ਭਾਜਪਾ ਦੇ ਕੌਂਸਲਰਾਂ ਦੀ ਗਿਣਤੀ ਵਧੇਰੇ ਹੁੰਦੀ ਸੀ ਤੇ ਅਕਾਲੀ ਦਲ ਦਾ ਕੌਂਸਲਰ ਆਟੇ ਵਿਚ ਨਮਕ ਬਰਾਬਰ। ਚਰਚਾਵਾਂ ਹਨ ਕਿ ਆਗਾਮੀ ਦਿਨਾਂ ਵਿਚ ਹਰਦੀਪ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲ ਹੋ ਸਕਦਾ ਹੈ। ਭਾਜਪਾ ਸਾਥੀਆਂ ਨਾਲ ਅਕਾਲੀ ਦਲ ਦਾ ਅਤੀਤ ਵਿਚ ਗਠਜੋੜ ਹੋਣ ਕਰਕੇ ਉਸਦੀ ਚੰਗੀ ਨਿਭਦੀ ਰਹੀ ਹੈ। ਬੁਟੇਰਲਾ ਨੇ ਖੁਦ ਵੀ ਕਿਹਾ ਹੈ ਕਿ ਉਹ ਰਾਜਸੀ ਸਾਜਿਸ਼ ਤਹਿਤ ਕਿਸੇ ਦਾ ਹੱਥਕੰਡਾ ਨਹੀ ਬਣ ਸਕਦੇ। -ਲੈ ਨੇ ਮਾਏ ਸਾਂ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ- ਇਸਤਰਾਂ ਹਰਦੀਪ ਬੁਟੇਰਲਾ ਪਿਛਲੇ ਕਈ ਸਾਲਾਂ ਦੀ ਪਾਰਟੀ ਨਾਲ ਸਾਂਝ ਤੋੜ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਮੀਦਵਾਰ ਬਨਾਉਣ ਸਮੇਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਚੋਣ ਦਾ ਖ਼ਰਚਾ ਪਾਰਟੀ ਵਲੋਂ ਕਰਨ ਦਾ ਭਰੋਸਾ ਦਿੱਤਾ ਸੀ, ਪਰ ਉਸ ਵਾਰ ਪ੍ਰਧਾਨ ਨੇ ਬਾਤ ਨਹੀਂ ਪੁੱਛੀ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਰਹੇ ਹਨ ਅਤੇ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਚੋਣ ਲੜ੍ਹਨ ਲਈ ਖਰਚ ਕਰਨ ਦੀ ਸਮਰੱਥਾ ਨਹੀਂ ਰੱਖਦੇ। ਜਿਸ ਕਰਕੇ ਉਨ੍ਹਾਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦੇ ਹੋਏ ਟਿਕਟ ਵਾਪਸ ਕਰ ਦਿੱਤੀ।
ਅਕਾਲੀ ਦਲ ਨੇ ਪਹਿਲੀ ਵਾਰ ਚੰਡੀਗੜ੍ਹ ਵਿਚ ਇਕੱਲਿਆ ਚੋਣ ਲੜ੍ਹਨ ਦਾ ਫੈਸਲਾ ਕੀਤਾ ਅਤੇ ਹਰਦੀਪ ਸਿੰਘ ਬੁਟੇਰਲਾ ਨੂੰ ਉਮੀਦਵਾਰ ਬਣਾਇਆ ਸੀ।