ਅਕਾਲੀ ਦਲ ਨੂੰ ਝਟਕਾ : ਸਾਬਕਾ ਵਿਧਾਇਕ ਆਮ ਆਦਮੀ ਪਾਰਟੀ ‘ਚ ਸ਼ਾਮਲ
ਜਲੰਧਰ 14 ਅਪ੍ਰੈਲ (khass khabar bureau)
ਦੁਆਬੇ ਦੇ ਦਲਿਤ ਆਗੂ ਵਜੋਂ ਜਾਣੇ ਜਾਂਦੇ ਨੌਜਵਾਨ ਆਗੂ ਪਵਨ ਟੀਨੂੰ ਨੇ ਆਖ਼ਰ ਅਕਾਲੀ ਦਲ ਦਾ ਸਾਥ ਛੱਡ ਦਿੱਤਾ ਹੈ। ਸਿਆਸੀ ਸਫ਼ਾ ’ਚ ਟੀਨੂੰ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ।
ਇਹ ਗੱਲ ਪੱਕੀ ਹੈ ਕਿ ਆਪ ਟੀਨੂੰ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਪਿੜ ਵਿਚ ਉਤਾਰੇਗੀ, ਪਰ ਉਨ੍ਹਾਂ ਅਕਾਲੀ ਦਲ ਨੂੰ ਛੱਡਣ ਦਾ ਫੈਸਲਾ ਕਿਉਂ ਲਿਆ, ਇਸ ਬਾਰੇ ਸਿਆਸੀ ਹਲਕੇ ਪਰੇਸ਼ਾਨ ਹਨ। ਹਾਲਾਂਕਿ ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਅਕਾਲੀ ਆਗੂ ਸੁਖਬੀਰ ਬਾਦਲ ਜਾਂ ਅਕਾਲੀ ਦਲ ਦਾ ਸਾਥ ਛੱਡ ਚੁੱਕੇ ਹਨ, ਤੇ ਟੀਨੂੰ ਦਾ ਲਿਆ ਫੈਸਲਾ ਵੀ ਕੋਈ ਹੈਰਾਨ ਕਰਨ ਵਾਲਾ ਨਹੀਂ ਹੈ।ਸੂਤਰਾਂ ਅਨੁਸਾਰ ਜਲੰਧਰ ਵਿਖੇ ਅਕਾਲੀ ਦਲ ਦਾ ਇਕ ਧੜਾ ਪਵਨ ਟੀਨੂੰ ਦਾ ਡਟਕੇ ਵਿਰੋਧ ਕਰ ਰਿਹਾ ਸੀ। ਜਲੰਧਰ ਜਿਲ੍ਹੇ ਨਾਲ ਸਬੰਧਤ ਇਕ ਸਾਬਕਾ ਵਿਧਾਇਕ , ਜੋ ਅਕਸਰ ਟਕਸਾਲੀ ਅਕਾਲੀ ਹੋਣ ਦਾ ਦਾਅਵਾ ਕਰਦਾ ਹੈ, ਵਲੋਂ ਵਾਰ ਵਾਰ ਸੁਖਬੀਰ ਬਾਦਲ ’ਤੇ ਜਲੰਧਰ ਹਲਕੇ ਵਿਚ ਟਕਸਾਲੀ ਅਕਾਲੀ ਆਗੂ ਨੂੰ ਚੋਣ ਮੈਦਾਨ ਵਿਚ ਉਤਾਰਨ ਦੀਆਂ ਉਦਾਹਰਣਾਂ ਦਿੱਤੀਆਂ ਜਾ ਰਹੀਆਂ ਸਨ।
ਪਿਛਲੇ ਸਾਲ ਹੋਈ ਜ਼ਿਮਨੀ ਚੋਣ ਵਿਚ ਵੀ ਪਾਰਟੀ ਦੇ ਇਕ ਧੜੇ ਨੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਨੂੰ ਚੋਣ ਮੈਦਾਨ ਵਿਚ ਉਤਾਰਨ ਦੀਆਂ ਦਲੀਲਾਂ ਦਿੱਤੀਆਂ ਸਨ, ਪਰ ਸੁਖਬੀਰ ਬਾਦਲ ਨੇ ਵਿਧਾਇਕ ਸੁਖਵਿੰਦਰ ਸੁੱਖੀ ’ਤੇ ਦਾਅ ਖੇਡਿਆ ਸੀ।ਪਤਾ ਲੱਗਿਆ ਹੈ ਕਿ ਪਿਛਲੇ ਦਿਨ ਅਕਾਲੀ ਦਲ ਦੀ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਹੋਈ ਚੋਣ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਵਿਚ ਪਵਨ ਟੀਨੂੰ ਨੇ ਸਵਾਲ ਖੜੇ ਕੀਤੇ ਸਨ ਕਿ ਇਹ ਸਪਸ਼ਟ ਕੀਤਾ ਜਾਵੇ ਕਿ ਅਕਾਲੀ ਦਲ ਨੇ ਇਹ ਚੋਣ ਭਾਜਪਾ ਖਾਸਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਲੜਨੀ ਹੈ ਜਾਂ ਹੱਕ ਵਿਚ। ਇਸ ਬਾਰੇ ਭੂੰਦੜ ਕੋਈ ਸਪਸ਼ਟ ਜਵਾਬ ਨਾ ਦੇ ਸਕੇ ਅਤੇ ਮਾਮਲਾ ਪਾਰਟੀ ਪ੍ਰਧਾਨ ’ਤੇ ਛੱਡ ਦਿੱਤਾ ਸੀ। ਟੀਨੂੰ ਨੇ ਮੀਟਿੰਗ ਵਿਚ ਮੁੱਦਾ ਉਠਾਇਆ ਕਿ ਲੋਕਾਂ ਵਿਚ ਚਰਚਾ ਹੈ ਕਿ ਜੇਕਰ ਭਾਜਪਾ ਦੀ ਮੁੜ ਸਰਕਾਰ ਆ ਗਈ ਤਾਂ ਸੰਵਿਧਾਨ ਬਦਲ ਦਿੱਤਾ ਜਾਵੇਗਾ ਇਸ ਲਈ ਸੰਵਿਧਾਨ ਬਚਾਉਣ ਦੀ ਲੜ੍ਹਾਈ ਲੜਨੀ ਪਵੇਗੀ। ਪਤਾ ਲੱਗਿਆ ਹੈ ਕਿ ਹੁਣ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਾ ਝੁਕਾਅ ਪਵਨ ਟੀਨੂੰ ਵੱਲ ਸੀ ਪਰ ਪਾਰਟੀ ਦੇ ਸੀਨੀਅਰ ਆਗੂ ਜਿਨ੍ਹਾਂ ਵਿਚ ਦੋ ਸਾਬਕਾ ਰਾਜ ਸਭਾ ਮੈਂਬਰ ਤੇ ਇਕ ਸਾਬਕਾ ਵਿਧਾਇਕ ਇਸਦਾ ਵਿਰੋਧ ਕਰ ਰਹੇ ਸਨ ਤੇ ਉਨ੍ਹਾਂ ਫਿਰ ਟਕਸਾਲੀ ਆਗੂ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਰਟ ਲਗਾਈ।
ਟੀਨੂੰ ਦੇ ਉਭਾਰ ’ਤੇ ਸਥਾਨਕ ਆਗੂ ਸਨ ਖਫ਼ਾ
ਪਤਾ ਲੱਗਿਆ ਹੈ ਕਿ ਜਿਲ੍ਹੇ ਦੇ ਕਈ ਸਥਾਨਕ ਆਗੂ ਪਵਨ ਟੀਨੂੰ ਦੇ ਵੱਧ ਰਹੇ ਸਿਆਸੀ ਕੱਦ ਤੋਂ ਕਾਫ਼ੀ ਦੁਖੀ ਸਨ। ਉਹ ਮਹਿਸੂਸ ਕਰ ਰਹੇ ਸਨ ਕਿ ਟੀਨੂੰ ਲਗਾਤਾਰ ਅੱਗੇ ਵੱਧ ਰਿਹਾ ਹੈ ਤੇ ਉਹਨਾਂ ਦਾ ਪਿੱਛਲੱਗ ਨਹੀਂ ਹੈ। ਟੀਨੂੰ ਨੂੰ ਦਲਿਤ ਸਫ਼ਾ ਵਿਚ ਇਕ ਧੱਕੜ ਆਗੂ ਵਜੋਂ ਜਾਣਿਆ ਜਾਂਦਾ ਹੈ। ਧਰਨਾ ਲਾਉਣ, ਰੋਸ ਪ੍ਰਦਰਸ਼ਨ ਕਰਨ ਜਾਂ ਕਿਸੇ ਧੱਕੇਸ਼ਾਹੀ ਖਿਲਾਫ਼ ਖੜਾ ਹੋਣ ਲਈ ਟੀਨੂੰ ਕਦੇ ਸਿਆਸੀ ਜਮਾ ਘਟਾਓ ਨਹੀਂ ਸੋਚਦਾ। ਇਸ ਕਰਕੇ ਜਿਲ੍ਹੇ ਦੀ ਸਥਾਨਕ ਲੀਡਰਸ਼ਿਪ ਟੀਨੂੰ ਦੇ ਵੱਧ ਰਹੇ ਸਿਆਸੀ ਕੱਦ ਤੋਂ ਭੈਅ ਖਾ ਰਹੀ ਸੀ।
1993 ’ਚ ਸ਼ੁਰੂ ਕੀਤਾ ਸੀ ਸਿਆਸੀ ਸਫ਼ਰ
ਪਵਨ ਟੀਨੂੰ ਨੇ ਆਪਣਾ ਸਿਆਸੀ ਸਫ਼ਰ 1993 ਤੋਂ ਸ਼ੁਰੂ ਕੀਤਾ ਸੀ। ਉਹ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਜੀ ਦੇ ਅੰਦੋਲਨ ਤੋ ਪ੍ਰਭਾਵਿਤ ਹੋ ਕੇ ਉਨ੍ਹਾਂ ਨਾਲ ਜੁੜੇ ਸਨ। ਬਸਪਾ ’ਚ ਇਕ ਸਮਾਂ ਅਜਿਹਾ ਵੀ ਆਇਆ ਕੀ ਪਵਨ ਟੀਨੂੰ ਦੀ ਤੂਤੀ ਬੋਲਦੀ ਸੀ। ਉਹ ਬਸਪਾ ਦੇ ਵਿਦਿਆਰਥੀ ਵਿੰਗ ਦੇ ਜਿਲ੍ਹਾ ਪ੍ਰਧਾਨ ਸਮੇਤ ਪਾਰਟੀ ਦੇ ਕਈ ਹੋਰ ਅਹੁੱਦਿਆਂ ’ਤੇ ਰਹੇ। ਜਾਣਕਾਰੀ ਅਨੁਸਾਰ ਪਵਨ ਟੀਨੂੰ ਸਭਤੋਂ ਪਹਿਲਾਂ ਆਪਣੇ ਪਿੰਡ ਖੁਰਲਾ ਕਿੰਗਰਾ ਦੇ ਸਰਪੰਚ ਬਣੇ। ਸਰਪੰਚ ਬਣਨ ’ਤੇ ਉਨ੍ਹਾਂ ਸਿਆਸੀ ਪੌੜੀਆਂ ਚੜਨੀਆਂ ਸ਼ੁਰੂ ਕਰ ਦਿੱਤੀਆ। 1993 ਵਿਚ ਸਰਪੰਚ ਬਣਨ ਤੋਂ ਬਾਅਦ ਹੋਈਆਂ ਜਿਲ੍ਹਾ ਪਰਿਸ਼ਦ ਦੀਆਂ ਚੋਣਾਂ ਵਿਚ ਉਨ੍ਹਾਂ 193 ਦੇ ਕਰੀਬ ਵੋਟਾਂ ਲਈਆਂ ਤਾਂ ਉਸ ਸਮੇਂ ਬੇਅੰਤ ਸਿੰਘ ਦੀ ਹਕੂਮਤ ਨੂੁੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਸਨ। ਹੋ ਸਕਦਾ ਕਿ ਬਹੁਤਿਆ ਨੂੁੰ ਨਾ ਪਤਾ ਹੋਵੇ , ਸਵਰਗੀ ਬੇਅੰਤ ਸਿੰਘ ਦੀ ਸਰਕਾਰ ਤੋਂ ਪਹਿਲਾਂ ਜਿਲ੍ਹਾ ਪਰਿਸ਼ਦ ਦੇ ਮੈਂਬਰਾਂ ਦੀ ਚੋਣ ਵਿਚ ਸਿਰਫ਼ ਸਰਪੰਚ ਤੇ ਬਲਾਕ ਸੰਮਤੀ ਮੈਂਬਰਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਸੀ।
ਆਦਮਪੁਰ ਤੋਂ ਦੋ ਵਾਰ ਵਿਧਾਇਕ ਰਹੇ ਅਕਾਲੀ ਦਲ ਦੇ ਨੇਤਾ ਪਵਨ ਟੀਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਪਿਛਲੇ ਕਈ ਦਿਨਾਂ ਤੋਂ ਇਹ ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਪਵਨ ਟੀਨੂੰ ਆਪ ‘ਚ ਸ਼ਾਮਲ ਹੋ ਸਕਦੇ ਹਨ। ਪਵਨ ਟੀਨੂੰ 2014 ਵਿੱਚ ਜਲੰਧਰ ਤੋਂ ਲੋਕ ਸਭਾ ਚੋਣ ਵੀ ਲੜ ਚੁੱਕੇ ਹਨ।ਅੱਜ ਉਹਨਾਂ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਹੈ। ਜਾਣਕਾਰੀ ਅਨੁਸਾਰ ਟੀਨੂੰ ਜਲੰਧਰ ਸੀਟ ਤੋਂ ਆਪ ਦੇ ਲੋਕ ਸਭਾ ਉਮੀਦਵਾਰ ਹੋ ਸਕਦੇ ਹਨ, ਕਿਉਂਕਿ ਟੀਨੂੰ ਦੀ ਜਲੰਧਰ ‘ਚ ਦਲਿਤ ਵੋਟਾਂ ‘ਤੇ ਮਜ਼ਬੂਤ ਪਕੜ ਹੈ।
ਆਦਮਪੁਰ ਤੋਂ ਦੋ ਵਾਰ ਵਿਧਾਇਕ ਰਹੇ ਅਕਾਲੀ ਦਲ ਦੇ ਨੇਤਾ ਪਵਨ ਟੀਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਪਿਛਲੇ ਕਈ ਦਿਨਾਂ ਤੋਂ ਇਹ ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਪਵਨ ਟੀਨੂੰ ਆਪ ‘ਚ ਸ਼ਾਮਲ ਹੋ ਸਕਦੇ ਹਨ। ਪਵਨ ਟੀਨੂੰ 2014 ਵਿੱਚ ਜਲੰਧਰ ਤੋਂ ਲੋਕ ਸਭਾ ਚੋਣ ਵੀ ਲੜ ਚੁੱਕੇ ਹਨ।
ਅੱਜ ਉਹਨਾਂ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਹੈ। ਜਾਣਕਾਰੀ ਅਨੁਸਾਰ ਟੀਨੂੰ ਜਲੰਧਰ ਸੀਟ ਤੋਂ ਆਪ ਦੇ ਲੋਕ ਸਭਾ ਉਮੀਦਵਾਰ ਹੋ ਸਕਦੇ ਹਨ, ਕਿਉਂਕਿ ਟੀਨੂੰ ਦੀ ਜਲੰਧਰ ‘ਚ ਦਲਿਤ ਵੋਟਾਂ ‘ਤੇ ਮਜ਼ਬੂਤ ਪਕੜ ਹੈ।