ਚੰਡੀਗੜ, 6 ਮਈ (ਖ਼ਬਰ ਖਾਸ ਬਿਊਰੋ)
ਇਕ ਜੂਨ ਨੂੰ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰਚਾਰ ਸਿਖ਼ਰ ਵੱਲ ਜਾਣ ਲੱਗਿਆ ਹੈ। ਸਾਰੀਆ ਸਿਆਸੀ ਪਾਰਟੀਆਂ ਨੇ ਸਿਆਸੀ ਸਰਗਮਰੀਆ ਵਿਚ ਵਾਧਾ ਕੀਤਾ ਹੋਇਆ ਹੈ ਤਾਂ ਜੋ ਵੋਟਰਾਂ ਦੇ ਰੁਖ ਆਪਣੇ ਵੱਲ ਮੋੜਿਆ ਜਾ ਸਕੇ। ਮੁ੍ਖ ਮੰਤਰੀ ਭਗਵੰਤ ਮਾਨ ਲਗਾਤਾਰ ਉਮੀਦਵਾਰਾਂ ਦੇ ਹੱਕ ਵਿਚ ਰੋਡ ਸ਼ੋਅ ਕੱਢ ਰਹੇ ਹਨ ਪਰ ਆਮ ਆਦਮੀ ਪਾਰਟੀ ਦੀ ਸੂਬਾਈ ਲੀਡਰਸ਼ਿਪ ਖਾਸਕਰਕੇ ਮੁ੍ੱਖ ਮੰਤਰੀ ਦੀ ਕੈਬਨਿਟ ਦੇ ਸਾਥੀ ਮੰਤਰੀ ਚੋਣ ਪ੍ਰਚਾਰ ਵਿਚ ਨਜ਼ਰ ਨਹੀ ਆ ਰਹੇ । ਇਹ ਪਾਰਟੀ ਦੀ ਰਣਨੀਤੀ ਦਾ ਹਿੱਸਾ ਹੈ ਜਾਂ ਅੰਦਰੂਨੀ ਮਤਭੇਦ। ਉਂਝ ਮੰਤਰੀ ਆਪਣੇ ਹਲਕਿਆਂ ਵਿਚ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ। ਲੋਕਾਂ ਵਿਚ ਇਹ ਬਹੁਤ ਚਰਚਾ ਹੈ ਕਿ ਜਾਣਬੁੱਝ ਕੇ ਮੰਤਰੀਆਂ ਨੂੰ ਚੋਣ ਪ੍ਰਚਾਰ ਤੋ ਦੂਰ ਰੱਖਿਆ ਹੋਇਆ ਹੈ।
ਦਿਲਚਸਪ ਗੱਲ ਹੈ ਕਿ ਪਾਰਟੀ ਹਰਿਆਣਾ ਵਿਚ ਕੇਵਲ ਇਕ ਸੀਟ ਉਤੇ ਚੋਣ ਲੜ ਰਹੀ ਹੈ। ਹਰਿਆਣਾ ਲਈ ਆਮ ਆਦਮੀ ਪਾਰਟੀ ਨੇ ਚਾਲੀ ਯੋਧਿਆਂ, ਸਟਾਰ ਪ੍ਰਚਾਰਕਾ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਜੇਲ ਬੰਦ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੇ ਮੁਨੀਸ਼ ਸਿਸੋਦੀਆ, ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਵਿਦੇਸ਼ ਇਲਾਜ ਕਰਾਉਣ ਗਏ ਰਾਜ ਸਭਾ ਮੈਂਬਰ ਰਾਘਵ ਚੱਢਾ ਸਮੇਤ ਪੰਜਾਬ ਤੋ ਮੁ੍ਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਗਗਨ ਅਨਮੋਲ ਮਾਨ,ਚੇਤਨ ਸਿੰਘ ਜੋੜਾਮਾਜਰਾ , ਹਰਜੋਤ ਬੈਂਸ,ਬਲਕਾਰ ਸਿੰਘ ਅਤੇ ਪਾਰਟੀ ਦੀ ਚੀਫ਼ ਵਿਪ ਬਲਜਿੰਦਰ ਕੌਰ ਨੂੰ ਸਟਾਰ ਪ੍ਰਚਾਰਕਾਂ ਦੀ ਲਿਸਟ ਵਿਚ ਸ਼ਾਮਲ ਕੀਤਾ ਹੈ। ਆਪ ਭਾਵੇਂ ਇਕ ਸੀਟ ਉਤੇ ਚੋਣ ਲੜ ਰਹੀ ਹੈ ਉਂਝ ਇੰਡੀਆ ਗੱਠਜੋੜ ਦਾ ਹਿੱਸਾ ਹੋਣ ਕਰਕੇ ਕਾਂਗਰਸ ਨਾਲ ਭਾਈਵਾਲੀ ਹੈ। ਹੁਣ ਦੇਖਣਾ ਹੋਵੇਗਾ ਕਿ ਆਪ ਪੰਜਾਬ ਦੀ ਲੀਡਰਸ਼ਿਪ ਹਰਿਆਣਾ ਵਿਚ ਕਾਂਗਰਸ ਦੇ ਉਮੀਦਵਾਰਾਂ ਲਈ ਪਰਚਾਰ ਕਰੇਗੀ ਜਾਂ ਨਹੀਂ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪਾਰਟੀ ਨੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਹਰਿਆਣਾ ਦੇ ਸਟਾਰ ਪ੍ਰਚਾਰਕਾ ਵਿਚ ਸ਼ਾਮਲ ਕੀਤਾ ਹੈ, ਉਨਾਂ ਮੰਤਰੀਆਂ ਤੋ ਪੰਜਾਬ ਵਿਚ ਚੋਣ ਪ੍ਰਚਾਰ ਕਿਉ੍ਰ ਨਹੀਂ ਕਰਵਾਇਆ ਜਾ ਰਿਹਾ ਹੈ। ਪਾਰਟੀ ਦੇ ਪੰਜਾਬ ਮਾਮਲਿਆ ਦੇ ਇੰਚਾਰਜ ਜਰਨੈਲ ਸਿੰਘ, ਸਕੱਤਰ ਜਨਰਲ ਡਾ ਸੰਦੀਪ ਪਾਠਕ ਵੀ ਸੂਬੇ ਦੇ ਸਿਆਸੀ ਦ੍ਰਿਸ ਵਿਚ ਨਜ਼ਰ ਨਹੀਂ ਆ ਰਹੇ । ਦਿੱਲੀ ਟੀਮ ਦਾ ਹਿੱਸਾ ਮੰਨੇ ਜਾਂਦੇ ਆਗੂਆਂ ਨੂੰ ਚੋਣ ਪ੍ਰਚਾਰ ਤੋ ਦੂਰ ਰੱਖਣਾ ਪਾਰਟੀ ਦੀ ਲੀਡਰਸ਼ਿਪ ਦੀ ਰਣਨੀਤੀ ਦਾ ਹਿੱਸਾ ਹੈ, ਜਾਂ ਫਿਰ ਮੁੱਖ ਮੰਤਰੀ ਵਲੋਂ ਇਹਨਾਂ ਦੀਆਂ ਸੇਵਾਵਾਂ ਨਹੀ ਲਈਆ ਜਾ ਰਹੀਆ। ਚਰਚਾ ਹੈ ਕਿ ਕੇਜਰੀਵਾਲ ਦੇ ਜੇਲ ਵਿਚ ਜਾਣ ਬਾਅਦ ਪਾਰਟੀ ਦੇ ਅੰਦਰ ਪਹਿਲੀ ਤੇ ਦੂਜੀ ਕਤਾਰ ਦਾ ਲੀਡਰ ਬਣਨ ਦੀ ਦੌੜ ਸ਼ੁਰੂ ਹੋ ਗਈ ਹੈ। ਇਕ ਸਾਜਸ਼ ਦੇ ਤਹਿਤ ਕੈਬਨਿਟ ਮੰਤਰੀਆਂ ਨੂੰ ਉਹਨਾਂ ਦੇ ਹਲਕਿਆਂ ਤੱਕ ਸੀਮਤ ਕਰ ਦਿੱਤਾ ਗਿਆ ਹੈ।
ਸੱਤ May ਨੂੰ ਨੋਟੀਫਿਕੇਸ਼ਨ ਹੁੰਦਿਆਂ ਹੀ ਪੰਜਾਬ ਵਿਚ ਉਮੀਦਵਾਰਾਂ ਵਲੋਂ ਆਪਣੇ ਨਾਮਜਦਗੀ ਪੱਤਰ ਭਰਨ ਦਾ ਸਿਲਸਿਲ ਸ਼ੁਰੂ ਹੋ ਜਾਵੇਗਾ।