ਅੰਬ ਦਾ ਬੂਟਾ
…..ਕਈ ਦਿਨਾਂ ਤੋਂ ਸੋਚ ਰਿਹਾ ਸੀ ਕਿ ਕੁੱਝ ਕਿਹਾ -ਪਰ ਜਦੋਂ ਕਹਿਣ ਲਈ ਮੂੰਹ ਖੋਲ੍ਹਦਾ ਤਾਂ ਕਹਿਣ ਦੀ ਹਿੰਮਤ ਨਾ ਪੈਂਦੀ। ਫਿਰ ਚੁੱਪ ਹੋ ਜਾਂਦਾ। ਆਲੇ ਦੁਆਲੇ ਹੁੰਦਾ ਸੱਭ ਦੇਖਦਾ ਰਿਹੈ..ਤੁਹਾਡੀਆ ਸੁਣਦਾ ਵੀ ਰਿਹੈ..ਤੁਸੀਂ ਸੋਚਦੇ ਹੋਣੇ ਕਿ ਇਸਨੂੰ ਕਿਆ ਪਤਾ ਪਰ ਮੈਂ ‘ਕੱਲੀ ‘ਕੱਲੀ ਗੱਲ ਤੁਹਾਡੀ ਸੁਣੀ ਐ. ਪਹਿਲਾਂ ਵੀ ਸੁਣਦਾ ਰਿਹੈ ਅਤੇ ਸੁਣਾਉਂਦਾ ਵੀ ਰਿਹਾ..ਪਰ ਮੈਨੂੰ ਲੱਗਦਾ ਕਿ ਅੱਜ ਕਹਿ ਹੀ ਦਿੰਦਾ ਹਾਂ ..ਕਾਹਨੂੰ ਦਿਲ ਵਿੱਚ ਰੱਖਣੀ ਐ. ਮਨ ਤੇ ਦਿਲ ਦਾ ਗੁਬਾਰ ਕੱਢ ਲੈਣਾ ਚਾਹੀਦਾ -ਕਹਿੰਦੇ ਐ ਕਿ ਜੇਕਰ ਢਿੱਡ ਦੀ ਗੱਲ ਬਾਹਰ ਕੱਢ ਲਈ ਜਾਏ ਤਾਂ ਮਨ ਹੌਲਾ ਹੋ ਜਾਂਦਾ –
ਉਮਰ ਤਾਂ ਮੈ ਦੱਸਣੀ ਨਹੀ-ਨਾਲੇ ਉਮਰਾਂ ਵਿਚ ਕੀ ਰੱਖਿਆ । ਮੈਨੂੰ ਤਾਂ ਐਨਾਂ ਕੁ ਪਤਾ ਕਿ ਉਦੋਂ ਛੋਟਾ ਜਿਹਾ ਸਾਂ, ਜਦ ਮੈਨੂੰ ਉਹ ਘਰ ਲੈ ਕੇ ਆਇਆ-, ਘਰ ਵਿਚ ਪੁੱਤਾਂ ਵਾਂਗ ਪਾਲ਼ਿਆ ਉਸ ਮੈਨੂੰ.. ਢਿੱਡ ਭਰਨ ਲਈ ਖੁਰਾਕ ਦੇਣੀ ਤੇ ਢੇਰ ਸਾਰੀਆਂ ਗੱਲਾਂ ਕਰਨੀਆਂ.. ਮੇਰੇ ਪੱਤਿਆ – ਟਾਹਣੀਆਂ ਨੂੰ ਪੋਲ਼ੇ ਪੋਲ਼ੇ ਹੱਥ ਨਾਲ ਪਲੋਸਦਾ ..ਕਦੇ ਹੌਲੀ-ਹੌਲੀ ਤੇ ਕਦੇ ਉਚੀ ਉਚੀ ਗੱਲਾਂ ਕਰਦਾ .. ਮੈਨੂੰ ਦੇਖ ਉਹ ਖਿੜ ਖਿੜ ਹੱਸਦਾ..ਮੈਨੂੰ ਜਦ ਕਦੇ ਦੁੱਖ ਦਰਦ ਦੀ ਸ਼ਿਕਾਇਤ ਹੁੰਦੀ ਤਾਂ ਉਹ ਕਹਿੰਦਾ ਡਰਿਆ ਨਾ ਕਰ- ਇਕ ਵਾਰ ਮੈਨੂੰ ਕਿਸੇ ਬੀਮਾਰੀ ਨੇ ਘੇਰ ਲਿਆ ਤਾਂ ਕਹਿੰਦਾ ਕੋਈ ਨਾ ਤੇਰਾ ਇਲਾਜ਼ ਕਰਵਾਉਂਦਾ … ਇਹ ਟਿੱਡੀਆ- ਭੁਣਕੀਆਂ, ਕੀੜੇ ਮਕੌੜੇ, ਸਿਊਂਕ ਲੱਗਦੀ ਰਹਿੰਦੀ ਐ..ਪਰਵਾਹ ਨਾ ਕਰਿਆ ..ਇਹ ਕਹਿ ਉਹ ਅੰਦਰ ਵੜ ਜਾਂਦਾ ..ਫਿਰ ਅੰਦਰ ਜਾ ਕੇ ਉਚੀ ਉਚੀ ਫੋਨ ਉੱਤੇ ਗੱਲਾਂ ਕਰਦਾ ਤੇ ਖੁੱਲ੍ਹਕੇ ਹੱਸਦਾ… ਉਹਦਾ ਹਾਸਾ ਮੇਰੇ ਦਿਲ ਦੀ ਖੁਰਾਕ ..
ਅੱਜ ਜਦੋਂ ਤੁਸੀਂ ‘ ਕੱਠੇ ਹੋ ਕੇ ਮੇਰੇ ਥੱਲੇ ਬੈਠੇ ਸੀ ਤਾਂ ਮੈਂ ਤੁਹਾਡੀ ‘ਕੱਲੀ-‘ਕੱਲੀ ਗੱਲ ਸੁਣੀ..ਤੁਹਾਨੂੰ ਲੱਗਦਾ ਕਿ ਇਹਨੂੰ ਕਿਹੜਾ ਸੁਣਦੈ …ਮੈੇਨੂੰ ਪਤਾ ਤੁਸੀਂ ਬਹੁਤ ਉਦਾਸ ਤੇ ਡਾਹਢੇ ਦੁਖੀ ਸੀ..ਦਿਲ ਤੁਹਾਡਾ ਵੀ ਰੋਂਦਾ ਸੀ ਤੇ ਮੇਰਾ ਵੀ … ਤੁਸੀ ਪਰੇਸ਼ਾਨ ਹੋ ਕੇ ਦੂਰ ਜਾਣ ਦੀ ਗੱਲ ਕਰਦੇ ਤਾਂ ਮੈਂ ਤੁਹਾਨੂੰ ਛਾਂ ਤੇ ਹਵਾ ਦੀ ਝੱਲ ਮਾਰਦਾ ਤਾਂ ਕਿ ਤੁਸੀਂ ਬੈਠੇ ਰਹੋ…ਜਦ ਹਵਾ ਦੀ ਝੱਲ ਮਾਰਨੀ ਤਾਂ ਕੁੱਝ ਤਾਂ ਗਿਰਨਾ ਹੀ ਸੀ ..ਤੁਸੀਂ ਕਹਿੰਦੇ ਇਹ ਜਵਾਨ ਹੋ ਗਿਆ ਤੇ ਫਲ ਪੈ ਗਿਆ ..ਬੂਰ ਡਿੱਗ ਰਿਹਾ ….ਨਹੀਂ ਇਹ ਬੂਰ ਨਹੀਂ..ਇਹ ਤਾਂ ਮੇਰਾ ਦਿਲ ਭੁੱਬਾਂ ਮਾਰ ਰਿਹਾ ਸੀ ਤੇ ਮੇਰੇ ਹੰਝੂ ਟਿੱਪ- ਟਿੱਪ (ਬੂਰ) ਕਰਕੇ ਡਿੱਗ ਰਹੇ ਸੀ ਤੁਹਾਡੇ ਉੱਤੇ ..ਆਪਣੇ ਸਿਰਜਣਹਾਰ ਬਾਰੇ ਤੁਹਾਡੀਆਂ ਗੱਲਾਂ ਸੁਣਕੇ ਮੇਰੇ ਹੰਝੂ ਨਿਕਲ ਆਉਂਦੇ ਸਨ…. ਅੱਜ ਮੈਂ ਬਹੁਤ ਉਦਾਸ ਹਾਂ–
ਭਾਵੇਂ ਅੱਜ ਤੁਸੀ ਮੇਰੇ ਕੋਲ੍ਹ ਨਹੀਂ ਆਏ ..ਪਰ ਮੈਂ ਸੱਭ ਸੁਣ ਲਿਆ ਭਾਈ ਜੀ ਤੋਂ…ਕਹਾਂ ਗਏ ਬਾਬਾ ਬੋਲਤੇ…ਮੈਨੂੰ ਪਤਾ ਲੱਗ ਗਿਆ ਕਿ ਮੇਰਾ ਬਰਖੁਰਦਾਰ , ਮੇਰਾ ਪਾਲਣਹਾਰਾ ਅੰਬ ਚੂਸਣ ਵਾਲਾ ਸਰਬਜੀਤ ਪੰਧੇਰ ਦੁਨੀਆ ਤੋਂ ਰੁਖਸਤ ਹੋ ਗਿਐ ..ਉਹ ਹੁਣ ਘਰ ਵਾਪਸ ਨਹੀਂ ਆਵੇਗਾ ਅਤੇ ਨਾ ਆਓਗੇ ਤੁਸੀਂ।
ਜੈ ਸਿੰਘ ਛਿੱਬਰ
(ਛਿੱਬਰ ਦੀ ਫੇਸਬੁੱਕ ਤੋ)
9855452043