-ਦਲਬਦਲੂਆ ਨੂੰ ਟਿਕਟ ਦੇਣ ਨਾਲ ਪਾਰਟੀ ਦਾ ਹੋ ਸਕਦਾ ਨੁਕਸਾਨ
-ਉਮੀਦਵਾਰਾਂ ਦਾ ਪੁਨਰ ਵਿਚਾਰ ਨਾ ਕੀਤਾ ਤਾਂ ਹੋ ਸਕਦੀ 2022 ਵਾਲੀ ਸਥਿਤੀ
ਚੰਡੀਗੜ 4 ਮਈ, (ਖ਼ਬਰ ਖਾਸ ਬਿਊਰੋ)
ਸਾਬਕਾ ਰਾਜ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਮਸ਼ੇਰ ਸਿੰਘ ਦੂਲੋ ਨੇ ਦਲਬਦਲੂਆਂ, ਈਡੀ ਤੇ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਉਮੀਦਵਾਰਾਂ ਨੂੰ ਟਿਕਟਾਂ ਦੇਣ ਲਈ ਪਾਰਟੀ ਹਾਈਕਮਾਨ ਦੇ ਫੈਸਲੇ ‘ਤੇ ਉਗਲ ਚੁੱਕਦਿਆ ਕਿਹਾ ਕਿ ਜੇਕਰ ਪਾਰਟੀ ਨੇ ਦਲਬਦਲੂਆ ਦੀ ਟਿਕਟ ਤੇ ਪੁਨਰ ਵਿਚਾਰ ਨਾ ਕੀਤਾ ਤਾਂ 2022 ਦੀਆਂ ਚੋਣਾਂ ਵਾਲੇ ਨਤੀਜ਼ੇ ਆ ਸਕਦੇ ਹਨ। ਦੂਲੋ ਨੇ ਸੋਨੀਆਂ ਗਾਂਧੀ, ਪਾਰਟੀ ਪ੍ਰਧਾਨ ਮਲਿਕਾ ਅਰੁਜਨ ਖੜਗੇ, ਰਾਹੁਲ ਗਾਂਧੀ, ਕੇਸੀ ਵੈਣੂਗੋਪਾਲ ਨੂੰ ਲਿਖੀ ਚਿੱਠੀ ਵਿਚ ਅਫਸੋਸ ਪ੍ਰਗਟ ਕੀਤਾ ਹੈ ਕਿ ਉਨਾਂ ਵਲੋਂ ਅਤੀਤ ਵਿਚ ਲਿਖੀਆ ਚਿੱਠੀਆਂ ਨੂੰ ਤਵੱਜੋਂ ਨਹੀਂ ਦਿੱਤੀ ਗਈ, ਜੇਕਰ ਉਨਾਂ ਵਲੋਂ ਦਿੱਤੇ ਜਾਂਦੇ ਸੁਝਾਅ ਅਤੇ ਟਕਸਾਲੀ ਆਗੂਆਂ ਦੀ ਅਣਦੇਖੀ ਨਾ ਕੀਤੀ ਜਾਂਦੀ ਤਾਂ ਪਾਰਟੀ ਦੀ ਇਹ ਹਾਲਤ ਨਾ ਹੁੰਦੀ।
ਸਾਬਕਾ ਕਾਂਗਰਸ ਪ੍ਰਧਾਨ ਸਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਪਾਰਟੀ ਨੇ ਲੋਕ ਸਭਾ ਚੋਣਾਂ ਵਿਚ ਦਲਬਦਲੂਆਂ ਨੂੰ ਟਿਕਟ ਦਿੱਤੀ ਹੈ। ਹੁਸ਼ਿਆਰਪੁਰ ਵਿਖੇ ਆਮ ਆਦਮੀ ਪਾਰਟੀ ਦੀ ਆਗੂ ਰਹੀ ਯਾਮਨੀ ਗੋਮਰ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਦੋਕਿ ਹੁਸ਼ਿਆਰਪੁਰ ਤੋਂ ਸੰਤੋਸ਼ ਚੌਧਰੀ ਤੇ ਪਵਨ ਆਦੀਆ ਟਿਕਟ ਮੰਗ ਰਹੇ ਸਨ। ਪਾਰਟੀ ਨੇ ਫਰੀਦਕੋਟ ਤੋਂ ਅਕਾਲੀ ਦਲ ਦੇ ਪਿਛੋਕੜ ਵਾਲੀ ਅਮਰਜੀਤ ਕੌਰ ਸਾਹੋਕੇ ਨੂੰ ਉਮੀਦਵਾਰ ਬਣਾਇਆ ਹੈ। ਦੂਲੋ ਨੇ ਕਿਹਾ ਕਿ ਹਾਈਕਮਾਨ ਨੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ, ਸਾਬਕਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਧਰਮ ਪਤਨੀ ਕਰਮਜੀਤ ਕੌਰ ਅਤੇ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾਂ ਨੂੰ ਵੀ ਨਜ਼ਅੰਦਾਜ਼ ਕੀਤਾ ਹੈ, ਜਦਕਿ ਔਰਤਾਂ ਨੂੰ ਟਿਕਟ ਦੇਣ ਦਾ ਬਹਾਨਾ ਬਣਾਕੇ ਰਾਖਵੇਂ ਹਲਕਿਆਂ ਵਿਚ ਉਨਾਂ ਦਲਬਦਲੂਆ ਅਤੇ ਰਾਜਸੀ ਖੇਤਰ ਵਿਚ ਘੱਟ ਪਹਿਚਾਣ ਵਾਲੀਆਂ ਔਰਤਾਂ ਨੂੰ ਟਿਕਟ ਦਿੱਤੀ ਗਈ ਤਾਂ ਜੋ ਸੀਨਅਰ ਦਲਿਤ ਆਗੂਆ ਨੂੰ ਅੱਗੇ ਆਉਣ ਤੋ ਰੋਕਿਆ ਜਾ ਸਕੇ। ਦੂਲੋ ਨੇ ਕਿਹਾ ਕਿ ਅਜਿਹਾ ਇਕ ਆਗੂ ਦੇ ਕਹਿਣ ਨਾਲ ਹੋਇਆ ਹੈ ਤਾਂ ਜੋ ਉਸ ਮੁਕਾਬਲੇ ਕੋਈ ਹੋਰ ਦਲਿਤ ਆਗੂ ਨਾ ਉਭਰ ਸਕੇ।
ਦੂਲੋ ਨੇ ਪੱਤਰ ਵਿਚ ਲਿਖਿਆ ਹੈ ਕਿ ਟਕਸਾਲੀ ਆਗੂ ਮਹਿਸੂਸ ਕਰ ਰਹੇ ਹਨ ਕਿ ਪਾਰਟੀ ਹਾਈਕਮਾਨ ਨੇ ਬੀਤੇ ਤੋਂ ਸਬਕ ਨਹੀਂ ਸਿੱਖਿਆ ਅਤੇ ਅੱਤਵਾਦ ਦੇ ਕਾਲੇ ਦੌਰ ਦੌਰਾਨ ਪਾਰਟੀ ਨਾਲ ਖੜੇ ਆਗੂਆਂ ਨੂੰ ਅਣਦੇਖਾ ਕੀਤਾ ਹੈ। ਦੂਲੋ ਨੇ ਸੋਨੀਆਂ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀ ਦਾ ਮੁੱਢਲਾ ਮੈਂਬਰ ਹੋਣ ਦੇ ਨਾਤੇ ਉਮੀਦਵਾਰਾਂ ਬਾਰੇ ਪੁਨਰ ਵਿਚਾਰ ਕੀਤਾ ਜਾਵੇ ਨਹੀਂ ਤਾਂ 2022 ਵਾਲੇ ਨਤੀਜ਼ੇ ਆ ਸਕਦੇ ਹਨ ਅਤੇ ਪਾਰਟੀ ਦਾ ਹੋਰ ਨੁਕਸਾਨ ਹੋ ਸਕਦਾ ਹੈ।
ਦੂਲੋ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਟਿਕਟ ਦੇਣ ਦਾ ਵਿਰੋਧ ਕੀਤਾ ਹੈ। ਉਨਾਂ ਕਿਹਾ ਕਿ ਚੰਨੀ ਨੂੰ ਪਿਛਲੀਆ ਵਿਧਾਨ ਸਭਾ ਚੋਣਾਂ ਵਿਚ ਦੋ ਹਲਕਿਆਂ ਤੋ ਚੋਣ ਲੜਾਇਆ ਗਿਆ ਅਤੇ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਗਿਆ ਫਿਰ ਵੀ ਉਹ ਦੋਵਾਂ ਹਲਕਿਆਂ ਤੋ ਚੋਣ ਹਾਰ ਗਏ। ਉਨਾਂ ਕਿਹਾ ਕਿ ਕਈ ਕਈ ਤਰਾਂ ਦੇ ਮਾਫੀਏ ਜਿਨਾਂ ਵਿਚ ਸ਼ਰਾਬ, ਨਸ਼ੇ, ਮਾਇਨਿੰਗ, ਐੱਸ.ਸੀ ਸਕਾਲਰਸ਼ਿਪ ਵਿਚ ਸ਼ਾਮਲ, ਈਡੀ ਅਤੇ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ 2022 ਵਿਚ ਉਮੀਦਵਾਰ ਬਣਾਇਆ ਗਿਆ ਸੀ ਅਤੇ ਉਹਨਾਂ ਆਗੂਆਂ ਨੂੰ ਮੁੜ ਉਮੀਦਵਾਰ ਬਣਾਇਆ ਗਿਆ ਹੈ।
ਵਰਨਣਯੋਗ ਹੈ ਕਿ ਪਾਰਟੀ ਵਿਚ ਟਿਕਟ ਵੰਡ ਤੋ ਖਫ਼ਾ ਹੋਣ ਕਰਕੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇਪੀ, ਜੋ ਚਰਨਜੀਤ ਸਿੰਘ ਚੰਨੀ ਦਾ ਕੁੜਮ ਹੈ, ਪਾਰਟੀ ਛੱਡ ਚੁ੍ਕੇ ਹਨ। ਚੌਧਰੀ ਪਰਿਵਾਰ ਵੀ ਚੰਨੀ ਖਿਲਾਫ਼ ਮੋਰਚਾ ਖੋਲੀ ਬੈਠਾ ਹੈ। ਲਗਾਤਾਰ ਤਿੰਨ ਵਾਰ ਸੰਸਦ ਰਹੇ ਰਵਨੀਤ ਬਿੱਟੂ, ਗੁਰਪ੍ਰੀਤ ਜੀਪੀ, ਦਲਵੀਰ ਗੋਲਡੀ ਸਮੇਤ ਕੋਈ ਆਗੂ ਪਾਰਟੀ ਦਾ ਹੱਥ ਛੱਡ ਚੁੱਕੇ ਹਨ।