ਰਿਸ਼ਵਤ ਅਤੇ ਛੇੜਛਾੜ ਮਾਮਲੇ ’ਚ ਫਸਿਆ ਕੈਥਲ ਦਾ ਸਬ ਇੰਸਪੈਕਟਰ, ACB ਨੇ ਫਿਲਮੀ ਅੰਦਾਜ਼ ਵਿਚ ਕੀਤਾ ਗ੍ਰਿਫ਼ਤਾਰ

ਕੈਥਲ, 10 ਅਪ੍ਰੈਲ (ਖ਼ਬਰ ਖਾਸ ਬਿਊਰੋ)

ਐਂਟੀ ਕਰਪਸ਼ਨ ਬਿਊਰੋ (ACB) ਅੰਬਾਲਾ ਨੇ ਬੀਤੀ ਰਾਤ ਕਾਰਵਾਈ ਕਰਦੇ ਹੋਏ ਕੈਥਲ ਪੁਲੀਸ ਵਿਚ ਤਾਇਨਾਤ ਸਬ ਇੰਸਪੈਕਟਰ ਮਨਵੀਰ ਸਿੰਘ ਨੂੰ ਰਿਸ਼ਵਤ ਮੰਗਣ ਅਤੇ ਮਹਿਲਾ ਵਕੀਲ ਨਾਲ ਅਸ਼ਲੀਲ ਹਰਕਤ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਹਾਲ ਵਿਚ ਇਕਨਾਮਿਕ ਸੈੱਲ ਵਿਚ ਤੈਨਾਤ ਸੀ। ਦੱਸਣਯੋਗ ਹੈ ਕਿ ਗ੍ਰਿਫ਼ਤਾਰੀ ਦੀ ਇਹ ਕਾਰਵਾਈ ਬਿਲਕੁਲ ਫਿਲਮੀ ਅੰਦਾਜ਼ ਵਿਚ ਹੋਈ ਅਤੇ ਇਸ ਨਾਲ ਪੁਲੀਸ ਵਿਭਾਗ ਵਿਚ ਹੜਕੰਪ ਮਚ ਗਿਆ ਹੈ।

ਮਾਮਲਾ ਕੈਥਲ ਦੇ ਰਾਜੌਂਦ ਥਾਣਾ ਖੇਤਰ ਨਾਲ ਜੁੜਿਆ ਹੋਇਆ ਹੈ ਜਿੱਥੇ ਇਕ ਵਿਅਕਤੀ ਨੇ ਆਪਣੇ ਪਿਤਾ ਦੇ ਖ਼ਿਲਾਫ਼ ਪਲਾਟ ਵੇਚਣ ਨੂੰ ਲੈ ਕੇ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਬਾਰੇ ਜਾਂਚ ਦੀ ਜ਼ਿੰਮੇਵਾਰੀ ਇਕਨਾਮਿਕ ਸੈੱਲ ਵਿਚ ਤਾਇਨਾਤ ਐੱਸਆਈ ਮਨਵੀਰ ਸਿੰਘ ਨੂੰ ਦਿੱਤੀ ਗਈ। ਦੋਸ਼ ਹੈ ਕਿ ਮਨਵੀਰ ਨੇ ਕੇਸ ਤੋਂ ਸ਼ਿਕਾਇਤਕਰਤਾ ਦਾ ਨਾਮ ਹਟਾਉਣ ਦੇ ਬਦਲੇ ਇਕ ਲੱਖ ਰੁਪਏ ਦੀ ਰਿਸ਼ਵਤ ਮੰਗੀ। ਜਦੋਂ ਸ਼ਿਕਾਇਤਕਰਤਾ ਦੀ ਵਿਧਵਾ ਧੀ, ਜੋ ਕਿ ਇਕ ਵਕੀਲ ਹੈ, ਨੇ ਪੈਸੇ ਦੇਣ ਤੋਂ ਨਾਂ ਕੀਤੀ ਤਾਂ ਅਧਿਕਾਰੀ ਨੇ ਉਸ ਦੀ ਛੋਟੀ ਭੈਣ ਨੂੰ ਕੇਸ ਵਿਚ ਫਸਾਉਣ ਦੀ ਧਮਕੀ ਦਿੱਤੀ ਅਤੇ ਮਹਿਲਾ ਵਕੀਲ ਨਾਲ ਛੇੜਛਾੜ ਕੀਤੀ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਮਹਿਲਾ ਵਕੀਲ ਨੇ ਪੂਰੇ ਘਟਨਾਕ੍ਰਮ ਦੀ ਸ਼ਿਕਾਇਤ ACB ਦੇ ਪੂਰਵ ਸਹਿਯੋਗੀ ਰਵਿੰਦਰ ਜੰਗੀ ਰਾਹੀਂ ਵਿਜੀਲੈਂਸ ਟੀਮ ਤੱਕ ਪਹੁੰਚਾਈ। ਯੋਜਨਾਬੱਧ ਤਰੀਕੇ ਨਾਲ ਪੁਲੀਸ ਅਧਿਕਾਰੀ ਨੂੰ ਪੈਸੇ ਦੇਣ ਦੇ ਬਹਾਨੇ ਇਕ ਹਸਪਤਾਲ ਦੇ ਕੋਲ ਬੁਲਾਇਆ ਗਿਆ, ਪਰ ਮੁਲਾਕਾਤ ਦੌਰਾਨ ਮਨਵੀਰ ਨੇ ਗੱਡੀ ਤੋਂ ਉਤਰਣ ਦੀ ਬਜਾਏ ਵਕੀਲ ਨੂੰ ਆਪਣੇ ਕੋਲ ਬੁਲਾਇਆ, ਉਸ ਨਾਲ ਛੇੜਛਾੜ ਕਰਦਿਆਂ ਹੋਟਲ ਚੱਲਣ ਦਾ ਦਬਾਅ ਬਣਾਇਆ। ਮਹਿਲਾ ਨੇ ਸੂਝਬੂਝ ਨਾਲ ਵਿਜੀਲੈਂਸ ਟੀਮ ਨੂੰ ਇਸ਼ਾਰਾ ਦਿੱਤਾ, ਪਰ ਖ਼ਤਰੇ ਨੂੰ ਦੇਖਦਿਆਂ ਹੋਏ ਮਨਵੀਰ ਉਥੋਂ ਭੱਜ ਗਿਆ।

ਘਟਨਾ ਤੋਂ ਬਾਅਦ ਮਨਵੀਰ ਸਿੱਧਾ ਆਪਣੇ ਘਰ ਪਹੁੰਚਿਆ ਪਰ ਉੱਥੇ ਪਹਿਲਾਂ ਤੋਂ ਤਾਇਨਾਤ ਵਿਜੀਲੈਂਸ ਟੀਮ ਨੇ ਉਸਨੂੰ ਘੇਰ ਲਿਆ। ਗ੍ਰਿਫ਼ਤਾਰੀ ਤੋਂ ਬਚਣ ਲਈ ਉਸ ਨੇ ਘਰ ਦੀ ਲਾਈਟਾਂ ਬੰਦ ਕਰ ਦਿੱਤੀਆਂ ਅਤੇ ਗੁਆਂਢੀਆਂ ਦੀਆਂ ਛੱਤਾਂ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਘਰ ਵਾਲਿਆਂ ਨੇ ਵੀ ਟੀਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਕੁਝ ਅਧਿਕਾਰੀਆਂ ਨੂੰ ਚੋਟਾਂ ਆਈਆਂ। ਪਰ ਕਾਫੀ ਮੁਸ਼ੱਕਤ ਤੋਂ ਬਾਅਦ ਮਨਵੀਰ ਇਕ ਟੈਂਪੂ ਦੇ ਹੇਠ ਲੁਕਿਆ ਹੋਇਆ ਮਿਲਿਆ, ਜਿਥੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਵਿਜੀਲੈਂਸ ਇੰਸਪੈਕਟਰ ਸੰਦੀਪ ਅੱਤਰੀ ਦੀ ਅਗਵਾਈ ਵਿਚ ਹੋਈ ਇਸ ਕਾਰਵਾਈ ਨੇ ਨਾ ਸਿਰਫ਼ ਭ੍ਰਿਸ਼ਟਾਚਾਰ ‘ਤੇ ਚੋਟ ਕੀਤੀ ਹੈ, ਬਲਕਿ ਮਹਿਲਾ ਸੁਰੱਖਿਆ ਨੂੰ ਲੈ ਕੇ ਪੁਲੀਸ ਵਿਭਾਗ ਦੀ ਕਾਰਗੁਜ਼ਾਰੀ ’ਤੇ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਹੀ ਗੁਹਲਾ ਥਾਣਾ ਮੁਖੀ ਸਬ ਇੰਸਪੈਕਟਰ ਰਾਮਪਾਲ ਨੂੰ ਵੀ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਸੀ। ਲਗਾਤਾਰ ਹੋ ਰਹੀਆਂ ਅਜਿਹੀਆਂ ਗ੍ਰਿਫ਼ਤਾਰੀਆਂ ਨਾਲ ਹਰਿਆਣਾ ਪੁਲੀਸ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ।

ਵਿਜੀਲੈਂਸ ਟੀਮ ਨੇ ਮਨਵੀਰ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ ਮਹਿਲਾ ਨਾਲ ਛੇੜਛਾੜ ਨਾਲ ਜੁੜੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ। ACB ਦਾ ਕਹਿਣਾ ਹੈ ਕਿ ਪੁੱਛਗਿੱਛ ਜਾਰੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

Leave a Reply

Your email address will not be published. Required fields are marked *