ਤਰਨਤਾਰਨ 10 ਅਪ੍ਰੈਲ (ਖ਼ਬਰ ਖਾਸ ਬਿਊਰੋ)
ਤਰਨਤਾਰਨ ਦੇ ਸਰਹੱਦੀ ਪਿੰਡ ਦਾਸੂਵਾਲ ‘ਚ ਸੇਂਟ ਕਬੀਰ ਤੇ ਬੋਰਡਿੰਗ ਸਕੂਲ ਦੇ ਬਾਹਰ ਬੁੱਧਵਾਰ ਦੁਪਹਿਰ ਛੁੱਟੀ ਸਮੇਂ ਮੋਟਰਸਾਈਕਲ ਸਵਾਰ ਤਿੰਨ ਸ਼ੂਟਰਾਂ ਨੇ ਤਾਬੜ ਤੋੜ ਫ਼ਾਇਰਿੰਗ ਕੀਤੀ। ਘਟਨਾ ਵੇਲੇ ਸਕੂਲ ਦੇ ਵਿਹੜੇ ‘ਚ 20 ਵਿਦਿਆਰਥੀ ਮੌਜੂਦ ਸਨ। ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਤਿੰਨ ਗੋਲੀਆਂ ਸਕੂਲ ਦੇ ਐਮਡੀ ਮਾਨਵਜੀਤ ਸਿੰਘ ਦੀ ਗੱਡੀ ‘ਚ ਲੱਗੀਆਂ। ਸੂਚਨਾ ਮਿਲਦੇ ਹੀ ਥਾਣਾ ਸਦਰ ਪੱਟੀ ਦੀ ਪੁਲਿਸ ਮੌਕੇ ‘ਤੇ ਪੁੱਜੀ ਤੇ ਸੀਸੀਟੀਵੀ ਕੈਮਰਿਆ ਦੀ ਫ਼ੁਟੇਜ ਕਬਜ਼ੇ ‘ਚ ਲੈ ਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸੇਂਟ ਕਬੀਰ ਡੇ ਬੋਰਡਿੰਗ ਸਕੂਲ ਪਿੰਡ ਦਾਸੂਵਾਲ ‘ਚ ਕਰੀਬ 700 ਬੱਚੇ ਪੜ੍ਹਦੇ ਹਨ। ਬੁੱਧਵਾਰ ਦੁਪਹਿਰ 1:30 ਵਜੇ ਬੱਚੇ ਛੁੱਟੀ ਹੋਣ ਵਾਪਸ ਘਰਾਂ ਲਈ ਰਵਾਨਾ ਹੋ ਰਹੇ ਸੀ। ਕਰੀਬ 20 ਬੱਚੇ ਸਕੂਲ ਦੇ ਵਿਹੜੇ ‘ਚ ਘਰ ਜਾਣ ਲਈ ਆਪਣੇ ਵਾਹਨਾਂ ਦੀ ਉਡੀਕ ਕਰ ਰਹੇ ਸਨ। ਇਸੇ ਦੌਰਾਨ ਵਲਟੋਹਾ ਵਾਲੇ ਪਾਸੇ ਤੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਤਿੰਨ ਨੌਜਵਾਨਾਂ ਨੇ ਸਕੂਲ ਦੇ ਗੇਟ ਵੱਲ ਗੋਲੀਆਂ ਚਲਾਉਟੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਕਰੀਬ ਪੰਜ ਗੋਲੀਆਂ ਚਲਾਈਆਂ। ਤਿੰਨ ਗੋਲੀਆਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮਾਨਵਜੀਤ ਸਿੰਘ ਦੀ ਕਾਰ ਨੂੰ ਲੱਗੀਆਂ। ਬਾਅਦ ‘ਚ ਸ਼ੂਟਰ ਪੱਟੀ ਵੱਲ ਫ਼ਰਾਰ ਹੋ ਗਏ।
ਇਸ ਵਾਰਦਾਤ ਤੋਂ ਬਾਅਦ ਬੱਚਿਆਂ ਤੇ ਬੱਚਿਆਂ ਦੇ ਮਾਪਿਆ ‘ਚ ਦਹਿਸ਼ਤ ਪੈਦਾ ਹੋ ਗਈ ਹੈ।ਗੋਲੀਬਾਰੀ ਦੀ ਇਸ ਵਾਰਦਾਤ ਨੂੰ ਫਿਰੌਤੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਫ਼ਿਲਹਾਲ ਥਾਣਾ ਸਦਰ ਪੱਟੀ ਦੀ ਪੁਲਿਸ ਵੱਲੋਂ ਇਸ ਮਾਮਲੇ ’ਚ 48 ਨੰਬਰ ਮੁਕਦਮਾ ਦਰਜ ਕਰਕੇ ਸੀਸੀਟੀਵੀ ਕੈਮਰਾ ਨੂੰ ਆਪਣੇ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਨੂੰ ਆਰੰਭ ਕਰ ਦਿੱਤਾ ਹੈ।