ਚੰਡੀਗੜ੍ਹ 8 ਅਪ੍ਰੈਲ ( ਖ਼ਬਰ ਖਾਸ ਬਿਊਰੋ)
ਖਾਲਸਾ ਪੰਥ ਦੇ ਸਥਾਪਨਾ ਦਿਵਸ, ਵਿਸਾਖੀ ਤੋਂ ਪਹਿਲਾਂ ਸੁਖਬੀਰ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਮੁੜ ਤੋਂ ਪਾਰਟੀ ਪ੍ਰਧਾਨ ਬਣਨਾ ਲੱਗਭਗ ਤੈਅ ਹੈ। ਸੁਖਬੀਰ ਦੇ ਹੱਥ ਪਾਰਟੀ ਦੀ ਕਮਾਨ ਦੇਣ ਲਈ ਲੌੜੀਂਦੀਆਂ ਕਾਰਵਾਈਆਂ ਨੂੰ ਪੂਰਾ ਕਰ ਲਿਆ ਗਿਆ ਹੈ, ਬੱਸ ਪ੍ਰਧਾਨ ਚੁਣਨ ਦਾ ਐਲਾਨ ਹੋਣਾ ਬਾਕੀ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਮੰਗਲਵਾਰ ਨੂੰ ਪਾਰਟੀ ਹੈਡਕੁਆਟਰ ਵਿਖੇ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਹੈ। ਦੱਸਿਆ ਜਾਂਦਾ ਹੈ ਕਿ ਬਾਦ ਦੁਪਹਿਰ ਦੋ ਵਜੇ ਹੋਣ ਵਾਲੀ ਮੀਟਿੰਗ ਵਿਚ ਨਵਾਂ ਪ੍ਰਧਾਨ ਚੁਣਨ ਲਈ ਤਾਰੀਖ ਤੇ ਡੈਲੀਗੇਟਾ ਬਾਰੇ ਫੈਸਲਾ ਲਿਆ ਜਾਵੇਗਾ। ਇੱਥੇ ਦੱਸਿਆ ਜਾਂਦਾ ਹੈ ਕਿ ਬਾਗੀ ਅਕਾਲੀ ਆਗੂਆਂ ਵਲੋਂ ਸੁਖਬੀਰ ਬਾਦਲ ਉਤੇ ਅਸਤੀਫ਼ਾ ਦੇਣ ਦਾ ਦਬਾਅ ਬਣਾਇਆ ਜਾ ਰਿਹਾ ਸੀ ਅਤੇ ਉਹਨਾਂ ਨੇ 16 ਨਵੰਬਰ, 2024 ਨੂੰ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਪਾਰਟੀ ਦੀ ਵਰਕਿੰਗ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਬਾਅ ਹੇਠ 10 ਜਨਵਰੀ ਨੂੰ ਅਸਤੀਫਾ ਸਵੀਕਾਰ ਕੀਤਾ ਸੀ।
ਮੰਨਿਆ ਜਾ ਰਿਹਾ ਹੈ ਕਿ 11 ਜਾਂ 12 ਅਪ੍ਰੈਲ ਨੂੰ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਜਾਵੇਗੀ ਅਤੇ ਉਸ ਵਿੱਚ ਸੁਖਬੀਰ ਬਾਦਲ ਦਾ ਨਾਮ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਪਾਰਟੀ ਦੇ ਬਾਹਰ ਵੱਡੇ ਪੱਧਰ ਉਤੇ ਵਿਰੋਧ ਹੋ ਰਿਹਾ ਹੈ ਅਤੇ ਪਾਰਟੀ ਦੇ ਕਈ ਸੀਨੀਅਰ ਆਗੂ ਪਾਰਟੀ ਛੱਡ ਚੁੱਕੇ ਹਨ ਅਤੇ ਨਵਾਂ ਪ੍ਰਧਾਨ ਚੁਣਨ ਦੀ ਮੰਗ ਕਰ ਰਹੇ ਹਨ, ਪਰ ਪਾਰਟੀ ਦੇ ਅੰਦਰ ਕੋਈ ਵੀ ਸੁਖਬੀਰ ਲਈ ਚੁਣੌਤੀ ਨਹੀਂ ਬਣੇਗਾ।
ਤਲਵੰਡੀ ਸਾਬੋ ਵਿੱਚ 13 ਅਪ੍ਰੈਲ ਨੂੰ ਵਿਸਾਖੀ ਦੇ ਤਿਉਹਾਰ ‘ਤੇ ਹੋਣ ਵਾਲੀ ਕਾਨਫਰੰਸ ਵਿੱਚ ਨਵਾਂ ਪ੍ਰਧਾਨ ਕਾਨਫਰੰਸ ਦਾ ਹਿੱਸਾ ਬਣੇ । ਇਸ ਲਈ ਪਾਰਟੀ ਵਿਸਾਖੀ ਤੋਂ ਪਹਿਲਾਂ ਸੁਖਬੀਰ ਬਾਦਲ ਦੇ ਹੱਥ ਕਮਾਨ ਦੇਣਾ ਚਾਹੁੰਦੀ ਹੈ। ਵਿਸਾਖੀ ਕਾਨਫਰੰਸ ਦਾ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਵਿੱਚ ਬਹੁਤ ਮਹੱਤਵ ਰਿਹਾ ਹੈ, ਕਿਉਂਕਿ ਇਸ ਦਿਨ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ।
ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ, ‘ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਮੰਗਲਵਾਰ 8 ਅਪ੍ਰੈਲ ਨੂੰ ਹੈ।’ ਜਿਸ ਵਿੱਚ ਚੋਣ ਪ੍ਰਕਿਰਿਆ ‘ਤੇ ਮੋਹਰ ਲਗਾਈ ਜਾਵੇਗੀ। ਮੀਟਿੰਗ ਵਿੱਚ ਪਾਰਟੀ ਪ੍ਰਧਾਨ ਦੀ ਚੋਣ ਬਾਰੇ ਫੈਸਲਾ ਲਿਆ ਜਾਵੇਗਾ।
ਚੀਮਾ ਨੇ ਕਿਹਾ ਕਿ 500 ਤੋਂ ਵੱਧ ਡੈਲੀਗੇਟ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਦੇ ਹਨ। ਹਰੇਕ ਵਿਧਾਨ ਸਭਾ ਹਲਕੇ ਵਿੱਚ ਚਾਰ ਡੈਲੀਗੇਟ ਬਣਾਏ ਗਏ ਹਨ। ਰਾਜ ਵਿੱਚ 117 ਵਿਧਾਨ ਸਭਾ ਸੀਟਾਂ ਹਨ। ਜਿਸ ਵਿੱਚ 468 ਡੈਲੀਗੇਟ ਹੋਣਗੇ। ਜਦੋਂ ਕਿ ਦੂਜੇ ਰਾਜਾਂ ਦੇ ਡੈਲੀਗੇਟ ਵੀ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣਗੇ। ਮੰਨਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਨੂੰ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਐਲਾਨਣ ਵਿੱਚ ਕਿਸੇ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸਰਬਸੰਮਤੀ ਨਾਲ ਚੋਣ ਕਰਕੇ ਹੀ ਦੁਬਾਰਾ ਪ੍ਰਧਾਨ ਚੁਣ ਲਿਆ ਜਾਵੇਗਾ।