ਨਵੀਂ ਦਿੱਲੀ, 4 ਮਈ ( ਖ਼ਬਰ ਖਾਸ ਬਿਊਰੋ )
ਦਿੱਲੀ ਪੁਲੀਸ ਨੇ ਰਾਸ਼ਟਰੀ ਸੁਰੱਖਿਆ ਗਾਰਡ (ਐੱਨਐੱਸਜੀ) ਨਾਲ ਮਿਲ ਕੇ ਦੇਰ ਰਾਤ ਅਤੇ ਅੱਜ ਤੜਕੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ (ਆਈਜੀਆਈ), ਰਾਜੀਵ ਚੌਕ ਮੈਟਰੋ ਸਟੇਸ਼ਨ ਅਤੇ ਆਰਕੇ ਪੁਰਮ ਦੇ ਦਿੱਲੀ ਪਬਲਿਕ ਸਕੂਲ ਵਿੱਚ ਸੁਰੱਖਿਆ ਅਭਿਆਸ ਕੀਤਾ। ਇਹ ਅਭਿਆਸ ਤਕਰੀਬਨ 200 ਸਕੂਲਾਂ ਵਿੱਚ ਬੰਬ ਦੀਆਂ ਝੂਠੀਆਂ ਰਿਪੋਰਟਾਂ ਮਿਲਣ ਤੋਂ ਕੁਝ ਦਿਨ ਬਾਅਦ ਹੋਇਆ ਹੈ। ਐੱਨਐੱਸਜੀ ਕਮਾਂਡੋਜ਼ ਅਤੇ ਦਿੱਲੀ ਪੁਲੀਸ ਨੇ ਸ਼ੁੱਕਰਵਾਰ ਰਾਤ 10 ਵਜੇ ਆਈਜੀਆਈ ਹਵਾਈ ਅੱਡੇ ‘ਤੇ ਅਭਿਆਸ ਕੀਤਾ। ਅਭਿਆਸ ਦੌਰਾਨ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ), ਜੋ ਹਵਾਈ ਅੱਡੇ ਦੀ ਸੁਰੱਖਿਆ ਨੂੰ ਸੰਭਾਲ ਰਿਹਾ ਹੈ, ਨੂੰ ਫ਼ਰਜ਼ੀ ਅਤਿਵਾਦੀ ਹਮਲੇ ਬਾਰੇ ਸੂਚਿਤ ਕੀਤਾ ਗਿਆ ਸੀ। ਇਸ ਸਬੰਧ ਵਿਚ ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਊ ਵਿਭਾਗ ਅਤੇ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐੱਮਏ) ਵਰਗੀਆਂ ਹੋਰ ਏਜੰਸੀਆਂ ਨੇ ਵੀ ਅਭਿਆਸ ਵਿਚ ਹਿੱਸਾ ਲਿਆ। ਇਹ ਅਭਿਆਸ ਘੱਟੋ-ਘੱਟ ਅੱਧੇ ਘੰਟੇ ਤੱਕ ਜਾਰੀ ਰਿਹਾ।