ਲੁਧਿਆਣਾ 7 ਅਪ੍ਰੈਲ, (ਖ਼ਬਰ ਖਾਸ ਬਿਊਰੋ)
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮਾਨ ਬਹਾਲੀ ਦੀ ਲੜਾਈ ਲੜ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਅਹਿਮ ਮੀਟਿੰਗ ਲੁਧਿਆਣਾ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਪੰਥਕ ਹਲਕਿਆਂ ਵਿੱਚ ਵਾਪਰੀਆਂ ਘਟਨਾਵਾਂ ਤੇ ਵਿਸਥਾਰ ਸਾਹਿਤ ਚਰਚਾ ਕਰਦਿਆਂ ਐਸਜੀਪੀਸੀ ਮੈਂਬਰਾਂ ਨੇ ਸਾਂਝੇ ਰੂਪ ਵਿੱਚ ਮੁੜ ਦੁਹਰਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਨਮਾਨ ਲਈ ਅਤੇ ਪਿਛਲੀ ਦਿਨੀਂ ਅੰਤ੍ਰਿੰਗ ਕਮੇਟੀ ਮੀਟਿੰਗ ਵਿੱਚ ਪਾਸ ਹੋਏ ਮੰਦਭਾਗੇ ਮਤਿਆਂ ਖਿਲਾਫ ਲੜਾਈ ਜਾਰੀ ਰਹੇਗੀ।
ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਹੋਈ ਮੀਟਿੰਗ ਸ੍ਰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਬਾਦਲ ਧੜੇ ਨੂੰ ਅਕਾਲੀ ਦਲ ਦੇ ਇਜਲਾਸ ਦੀ ਇਜਾਜ਼ਤ ਨਾ ਦੇਣ ਬਾਰੇ ਸਾਂਝੇ ਤੌਰ ਤੇ ਮਤਾ ਪਾਸ ਕੀਤਾ ਗਿਆ। ਇਸ ਬਾਬਤ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖ ਕਿ ਜਾਣਕਾਰੀ ਵੀ ਭੇਜੀ ਗਈ।
ਪਾਸ ਮਤੇ ਵਿੱਚ ਐਸਜੀਪੀਸੀ ਮੈਂਬਰਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਈ ਸੀ। ਹਮੇਸ਼ਾ ਅਕਾਲੀ ਦਲ ਦੀ ਲੀਡਰਸ਼ਿਪ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹੀ ਪਰ ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲਾ ਧੜਾ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਾ ਸਾਹਿਬ ਨੂੰ ਚੁਣੌਤੀ ਦੇ ਰਿਹਾ ਹੈ। ਬਾਦਲ ਧੜੇ ਵਾਲੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਐਲਾਨੀਆਂ ਤੌਰ ਤੇ ਮੀਡੀਆ ਵਿੱਚ ਆਕੇ ਭਾਰਤੀ ਹਕੂਮਤੀ ਸਿਸਟਮ ਤੋਂ ਪਾਰਟੀ ਦੀ ਮਾਨਤਾ ਰੱਦ ਹੋਣ ਦਾ ਹਵਾਲਾ ਦੇਕੇ ਹੁਕਮਨਾਮਾ ਸਾਹਿਬ ਨੂੰ ਮੰਨਣ ਤੋਂ ਇੰਨਕਾਰ ਕੀਤਾ ਅਤੇ ਇਥੋਂ ਤੱਕ ਦਾਅਵਾ ਕੀਤਾ ਕਿ ਸਾਡੀ ਮਾਨਤਾ ਇੱਕੋ ਸ਼ਰਤ ਉਪਰ ਬਚ ਸਕਦੀ ਹੈ ਜੇਕਰ ਅਸੀਂ ਜੇਕਰ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਪਾਰਟੀ ਉਪਰ ਲਾਗੂ ਨਾ ਹੋਣ ਦੇਈਏ। ਇਸ ਤੋਂ ਬਾਅਦ ਬਾਦਲ ਧੜੇ ਵਾਲਾ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜਾ ਅਤੇ ਬਾਗੀ ਹੋ ਚੁੱਕਾ ਹੈ।
ਐਸਜੀਪੀਸੀ ਮੈਂਬਰਾਂ ਨੇ ਸਮੂਹਿਕ ਰੂਪ ਵਿੱਚ ਮਤੇ ਨੂੰ ਪਾਸ ਕਰਦਿਆਂ ਕਿਹਾ ਕਿ ਜਿਹੜਾ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਮੰਨਣ ਤੋਂ ਇਨਕਾਰੀ, ਭਗੌੜਾ ਅਤੇ ਬਾਗੀ ਹੋਵੇ, ਉਸ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਆਪਣੀ ਕੋਈ ਵੀ ਸਰਗਰਮੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਯਕੀਨਣ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੂਰਨ ਸਮਰਪਿਤ ਅਕਾਲੀ ਦਲ ਹੀ ਪੰਥਕ ਸੰਸਥਾਵਾਂ, ਕੌਮੀ ਪਲੇਟਫਾਰਮਾਂ ਅਤੇ ਵਿਰਾਸਤੀ ਇਮਾਰਤਾਂ ਨੂੰ ਵਰਤਣ ਦਾ ਹੱਕਦਾਰ ਹੈ।
ਇਸ ਦੇ ਨਾਲ ਹੀ ਐਸਜੀਪੀਸੀ ਮੈਂਬਰਾਂ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਿਆਂ ਖਿਲਾਫ ਪੂਰੀ ਤਰਾਂ ਡਟਣ ਵਾਲੇ ਬਾਦਲ ਧੜੇ ਨੂੰ ਸਿੱਖ ਸੰਸਥਾਵਾਂ ਅਤੇ ਕੌਮੀ ਇਮਾਰਤਾਂ ਵਰਤਣ ਦਾ ਹੱਕ ਮਿਲਿਆ ਰਿਹਾ ਤਾਂ ਇਹ ਇਤਿਹਾਸਕ ਕਲੰਕ ਹੋਵੇਗਾ।
ਐਸਜੀਪੀਸੀ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਪੁਰਜੋਰ ਮੰਗ ਕੀਤੀ ਕਿ ਸਮੂਹ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਅਕਾਲੀ ਦਲ ਬਾਦਲ ਧੜੇ ਤੇ ਤੇਜਾ ਸਿੰਘ ਸਮੁੰਦਰੀ ਹਾਲ ਵਰਤਣ ਤੇ ਪੂਰੀ ਤਰਾਂ ਰੋਕ ਤਤਕਾਲ ਪ੍ਰਭਾਵ ਨਾਲ ਲਗਾਈ ਜਾਵੇ। ਅੱਜ ਦੀ ਮੀਟਿੰਗ ਵਿੱਚ ਐਸਜੀਪੀਸੀ ਮੈਬਰਾਂ ਡਾਕਟਰ ਕਿਰਨਜੋਤ ਕੌਰ, ਬੀਬੀ ਪਰਮਜੀਤ ਕੌਰ ਲਾਂਡਰਾਂ, ਬੀਬੀ ਕੁਲਦੀਪ ਕੌਰ , ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਜਸਵੰਤ ਸਿੰਘ ਪੁੜੈਣ, ਕਰਨੈਲ ਸਿੰਘ ਪੰਜੋਲੀ, ਅਮਰੀਕ ਸਿੰਘ ਸ਼ਾਹਪੁਰ, ਸਤਵਿੰਦਰ ਸਿੰਘ ਟੌਹੜਾ, ਹਰਜਾਪ ਸਿੰਘ ਜੀ, ਬਿਕਰਮਜੀਤ ਸਿੰਘ,ਮਹਿੰਦਰ ਸਿੰਘ ਹੁਸੈਨਪੁਰ, ਬੀਬੀ ਮਲਕੀਤ ਕੌਰ, ਮਲਕੀਤ ਸਿੰਘ ਚੰਗਾਲ,ਨਿਰਮੈਲ ਸਿੰਘ ਜੌਲਾ ਖਾਸ ਤੌਰ ਤੇ ਹਾਜਰ ਰਹੇ।