ਕੇਰਲ 7 ਅਪ੍ਰੈਲ (ਖ਼ਬਰ ਖਾਸ ਬਿਊਰੋ)
ਕੇਰਲ ਤੋਂ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੇ ਮਨੁੱਖਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਵੀਡੀਓ ਵਿੱਚ ਦੋ ਆਦਮੀ ਕੁੱਤਿਆਂ ਵਾਂਗ ਜ਼ਮੀਨ ’ਤੇ ਤੁਰਦੇ ਦੇਖੇ ਜਾ ਸਕਦੇ ਹਨ। ਆਦਮੀ ਦੇ ਗਲੇ ’ਚ ਪੱਟਾ ਬੰਨਿ੍ਹਆ ਹੋਇਆ ਹੈ। ਇਸ ਦੇ ਨਾਲ ਹੀ ਵੀਡੀਓ ਵਿੱਚ ਇੱਕ ਹੋਰ ਵਿਅਕਤੀ ਵੀ ਦਿਖਾਈ ਦੇ ਰਿਹਾ ਹੈ, ਜਿਸਨੇ ਆਪਣੇ ਹੱਥਾਂ ਵਿੱਚ ਪੱਟਾ ਫੜਿਆ ਹੋਇਆ ਹੈ ਅਤੇ ਜ਼ਮੀਨ ’ਤੇ ਕੁੱਤੇ ਵਾਂਗ ਤੁਰ ਰਹੇ ਵਿਅਕਤੀ ਨੂੰ ਪੱਟੇ ਨਾਲ ਖਿੱਚ ਰਿਹਾ ਹੈ। ਇੰਨਾ ਹੀ ਉਸ ਨੂੰ ਕੁੱਤੇ ਵਾਂਗ ਪਾਣੀ ਪੀਣ ਲਈ ਵੀ ਮਜਬੂਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਕੇਰਲ ਦੀ ਇੱਕ ਨਿੱਜੀ ਕੰਪਨੀ ਦਾ ਹੈ, ਜਿੱਥੇ ਇੱਕ ਕਰਮਚਾਰੀ ਨੂੰ ਟੀਚਾ ਪੂਰਾ ਨਾ ਕਰਨ ਦੀ ਸਜ਼ਾ ਵਜੋਂ ਕੁੱਤੇ ਵਾਂਗ ਜ਼ਮੀਨ ’ਤੇ ਤੁਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕੁੱਝ ਕਰਮਚਾਰੀਆਂ ਨੇ ਦਸਿਆ ਕਿ ਟਾਰਗੇਟ ਪੂਰੇ ਨਾ ਕਰਨ ’ਤੇ ਕੰਪਨੀ ਵਲੋਂ ਅਜਿਹਾ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।
ਪੁਲਿਸ ਨੇ ਮਾਮਲਾ ਦਰਜ ਕਰ ਲਿਆ
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੇ ਅਨੁਸਾਰ, ਇਹ ਕਥਿਤ ਘਟਨਾ ਕਲੂਰ ਦੇ ਨੇੜੇ ਪੇਰੂੰਬਾਵੂਰ ਵਿੱਚ ਵਾਪਰੀ, ਜਿੱਥੇ ਫਰਮ ਸਥਿਤ ਹੈ, ਪਰ ਜਾਂਚ ਵਿੱਚ ਕੁਝ ਵੀ ਸ਼ੱਕੀ ਨਹੀਂ ਸਾਹਮਣੇ ਆਇਆ। ਇੱਕ ਮੈਨੇਜਰ ਦਾ ਕੰਪਨੀ ਦੇ ਮਾਲਕ ਨਾਲ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਅਤੇ ਉਸਨੇ ਨਵੇਂ ਕਰਮਚਾਰੀਆਂ ਨਾਲ ਇੱਕ ਵੀਡੀਓ ਬਣਾਈ ਅਤੇ ਇਸਨੂੰ ਵਾਇਰਲ ਕਰ ਦਿੱਤਾ। ਦਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਟੇ੍ਰਨਿੰਗ ਦਾ ਹਿੱਸਾ ਹੈ। ਪੁਲਿਸ ਅਨੁਸਾਰ, ਇਹ ਵੀਡੀਉ ਲਗਭਗ ਚਾਰ ਮਹੀਨੇ ਪਹਿਲਾਂ ਬਣਾਇਆ ਗਿਆ ਸੀ। ਹੁਣ ਇਹ ਮੈਨੇਜਰ ਕੰਪਨੀ ਛੱਡ ਗਿਆ ਹੈ।
ਰਾਜ ਦੇ ਕਿਰਤ ਅਤੇ ਰੁਜ਼ਗਾਰ ਮੰਤਰੀ ਦਾ ਬਿਆਨ
ਰਾਜ ਦੇ ਕਿਰਤ ਅਤੇ ਰੁਜ਼ਗਾਰ ਮੰਤਰੀ ਸਿਵਾਨਕੁਟੀ ਨੇ ਇਸ ਘਟਨਾ ’ਤੇ ਬਿਆਨ ਦਿੰਦੇ ਹੋਏ ਕਿਹਾ ਕਿ ਰਾਜ ਦੇ ਕਰਮਚਾਰੀਆਂ ਪ੍ਰਤੀ ਅਜਿਹਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਮਾਮਲੇ ਬਾਰੇ ਰਿਪੋਰਟ ਵੀ ਮੰਗੀ ਹੈ। ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ, ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਅਤੇ ਇਸ ਘਟਨਾ ਨੂੰ ਅਣਮਨੁੱਖੀ ਦੱਸਿਆ।