ਗੁਰਦਾਸਪੁਰ ਵਿਚ ਪਾਦਰੀ ਨੇ ਵਿਦਿਆਰਥਣ ਨਾਲ ਕੀਤਾ ਸੀ ਕਥਿਤ ਤੌਰ ’ਤੇ ਬਲਾਤਕਾਰ

ਗੁਰਦਾਸਪੁਰ 5 ਅਪ੍ਰੈਲ (ਖ਼ਬਰ ਖਾਸ  ਬਿਊਰੋ)

ਗੁਰਦਾਸਪੁਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਇਕ ਚਰਚ ਨਾਲ ਸਬੰਧਤ ਇਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸਵੈ-ਘੋਸ਼ਿਤ ਪਾਦਰੀ ਜਸ਼ਨ ਗਿੱਲ ‘ਤੇ 22 ਸਾਲਾ ਲੜਕੀ ਨਾਲ ਵਾਰ-ਵਾਰ ਕਥਿਤ ਤੌਰ ’ਤੇ ਬਲਾਤਕਾਰ ਕਰਨ ਅਤੇ ਫਿਰ ਉਸ ਨੂੰ ਗਰਭਪਾਤ ਕਰਵਾਉਣ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੀੜਤਾ ਦੇ ਪਿਤਾ ਨੇ ਗੱਲਬਾਤ ਕਰਦਿਆਂ ਇਹ ਜਾਣਕਾਰੀ ਸਾਂਝੀ ਕੀਤੀ। ਤੁਹਾਨੂੰ ਦਸ ਦਈਏ ਕਿ ਗਰਭਪਾਤ ਤੋਂ ਬਾਅਦ ਲੜਕੀ ਦੀ ਮੌਤ ਹੋ ਗਈ ਸੀ।

ਪੀੜਤਾ ਦੇ ਪਿਤਾ ਦੇ ਅਨੁਸਾਰ, ਉਸ ਦੀ ਧੀ ਉਸ ਸਮੇਂ ਪੜ੍ਹਦੀ ਸੀ ਅਤੇ ਪਰਵਾਰ ਨਾਲ ਚਰਚ ਜਾਂਦੀ ਸੀ। ਜਸ਼ਨ ਗਿੱਲ ਨੇ ਉਸ ਨੂੰ ਵਰਗਲਾ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਫਿਰ ਜਦੋਂ ਉਹ ਗਰਭਵਤੀ ਹੋ ਗਈ, ਤਾਂ ਉਸ ਨੇ ਇਕ ਪਿੰਡ ਦੀ ਇਕ ਨਰਸ ਤੋਂ ਗ਼ੈਰ-ਕਾਨੂੰਨੀ ਤੇ ਲਾਪਰਵਾਹੀ ਨਾਲ ਉਸ ਦਾ ਗਰਭਪਾਤ ਕਰਵਾਇਆ। ਇਹ ਗਰਭਪਾਤ ਇਕ ਗ਼ੈਰ-ਕਾਨੂੰਨੀ ਕੇਂਦਰ ਵਿਚ ਕੀਤਾ ਗਿਆ ਸੀ।

ਪੀੜਤਾ ਦੇ ਪਿਤਾ ਨੇ ਦਸਿਆ ਕਿ ਉਸ ਦੀ ਧੀ ਦੇ ਪੇਟ ਵਿਚ ਬਹੁਤ ਦਰਦ ਰਹਿਣ ਲੱਗਾ ਤੇ ਅਸੀਂ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਤੇ ਜਦੋਂ ਅਲਟਰਾਸਾਊਂਡ ਕੀਤਾ ਗਿਆ, ਤਾਂ ਗਰਭਪਾਤ ਦਾ ਪਤਾ ਲੱਗਾ। ਇਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਪੀੜਤ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਅਤੇ ਅਪਣੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ, ਉਸ ਨੇ ਪਿੰਡ ਵੀ ਛੱਡ ਦਿਤਾ ਹੈ। ਉਸ ਨੇ ਸੀਬੀਆਈ ਜਾਂਚ ਦੀ ਮੰਗ ਕਰਦੇ ਹੋਏ ਪੰਜਾਬ ਹਾਈ ਕੋਰਟ ਦਾ ਰੁਖ ਕੀਤਾ ਹੈ। ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਜਾਰੀ ਹੈ।

Leave a Reply

Your email address will not be published. Required fields are marked *