ਚੰਡੀਗੜ੍ਹ, 5 ਅਪ੍ਰੈਲ (ਖ਼ਬਰ ਖਾਸ ਬਿਊਰੋ)
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਉਤੇ ਕਾਂਗਰਸ ਨੇ ਇਕ ਵਾਰ ਮੁੜ ਭਰੋਸਾ ਪ੍ਰਗਟ ਕੀਤਾ ਹੈ। ਪਾਰਟੀ ਹਾਈ ਕਮਾਂਡ ਨੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਆਸ਼ੂ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ। ਆਪ ਨੇ ਬੜੀ ਤੇਜ਼ੀ ਨਾਲ ਲੁਧਿਆਣੇ ਵਿੱਚ ਸਿਆਸੀ ਸਰਗਰਮੀਆਂ ਵੀ ਸ਼ੁਰੂ ਕੀਤੀਆਂ ਹੋਈਆਂ ਹਨ। ਹਾਲਾਂਕਿ ਚੋਣ ਕਮਿਸ਼ਨ ਨੇ ਰਸਮੀ ਤੌਰ ਤੇ ਜਿਮਨੀ ਚੋਣ ਦਾ ਐਲਾਨ ਨਹੀਂ ਕੀਤਾ ਪਰ ਸਿਆਸੀ ਪਾਰਟੀਆਂ ਨੇ ਪਹਿਲਾਂ ਹੀ ਆਪਣੀ ਸਿਆਸੀ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਹੈ।
ਇਹ ਸੀਟ ਆਪ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਕਾਰਨ ਖਾਲੀ ਹੋਈ ਹੈ। ਗੋਗੀ ਦੀ ਜਨਵਰੀ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਚਰਚਾ ਹੈ ਕਿ ਗੋਗੀ ਆਪਣੀ ਪਿਸਤੌਲ ਨੂੰ ਸਾਫ਼ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਪਈ ਜੋ ਗੋਗੀ ਲਈ ਜਾਨਲੇਵਾ ਸਾਬਤ ਹੋਈ।
ਇੱਥੇ ਦ੍ੱਸਿਆ ਜਾਂਦਾ ਹੈ ਕਿ ਆਪ ਸਰਕਾਰ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਉਤੇ ਭ੍ਰਿਸ਼ਟਾਚਾਰ ਅਤੇ ਆਮਦਨ ਤੋ ਵੱਧ ਜਾਇਦਾਦ ਬਣਾਉਣ ਦੇ ਦੋ ਮਾਮਲੇ ਦਰਜ਼ ਕੀਤੇ ਸਨ। ਪਰ ਹਾਈਕੋਰਟ ਨੇ ਪੰਜਾਬ ਵਿਜੀਲੈਂਸ ਦੀ ਖੂਬ ਝਾੜਝੰਬ ਕੀਤੀ ਸੀ, ਹਾਈਕੋਰਟ ਨੇ ਇਥੋ ਤਕ ਕਹਿ ਦਿੱਤਾ ਸੀ ਕਿ ਭਾਰਤ ਭੂਸ਼ਣ ਆਸ਼ੂ ਉਤੇ ਇਹ ਮਾਮਲੇ ਬਦਲਾਖੋਰੀ ਭਾਵਨਾ ਨਾਲ ਦਰਜ਼ ਕੀਤੇ ਗਏ ਹਨ। ਹਾਈਕੋਰਟ ਨੇ ਆਸ਼ੂ ਉਤੇ ਦਰਜ਼ FIR ਨੂੰ ਰੱਦ ਕਰ ਦਿੱਤਾ ਸੀ, ਇਸ ਨਾਲ ਸਰਕਾਰ ਦੀ ਕਾਫ਼ੀ ਕਿਰਕਿਰੀ ਹੋਈ ਸੀ।
