ਅੰਮ੍ਰਿਤਸਰ, 28 ਮਾਰਚ (ਖਬ਼ਰ ਖਾਸ ਬਿਊਰੋ) :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਦਾ ਬਜਟ ਇਜਲਾਸ ਸੰਪੰਨ ਹੋ ਗਿਆ ਹੈ। ਇਜਲਾਸ ’ਚੋਂ ਵਾਕ ਆਊਟ ਕਰ ਕੇ ਆਏ ਵਿਰੋਧੀ ਧਿਰ ਨਾਲ ਸੰਬੰਧਿਤ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਅੰਤਰਿੰਗ ਕਮੇਟੀ ਨਹੀਂ ਸੀ ਇਹ ਕੌਰਵਾਂ ਦੀ ਸਭਾ ਸੀ, ਅੱਜ ਪ੍ਰਧਾਨ ਧਾਮੀ ਜੀ ਨੇ ਭੀਸ਼ਮ ਦਾ ਰੋਲ ਅਦਾ ਕੀਤਾ ਹੈ। ਸਿੱਖ ਕੌਮ ਹਮੇਸ਼ਾ ਬੇਗਾਨੀਆਂ ਔਰਤਾਂ ਦੀ ਪੱਤ ਦੀ ਸੰਭਾਲ ਕਰਦੀ ਰਹੀ ਹੈ ਪਰ ਅੱਜ ਭਰੀ ਸਭਾ ’ਚ ਔਰਤਾਂ ਨੂੰ ਬੋਲਣ ਦਾ ਮੌਕਾ ਤੱਕ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਨੁੱਖੀ ਸੰਗਠਨ ਵਲੋਂ ਪ੍ਰਧਾਨ ਜੀ ਨੂੰ ਇੱਕ ਜਾਂਚ ਰਿਪੋਰਟ ਭੇਜੀ ਗਈ ਹੈ ਉਸ ਨੂੰ ਪੜ੍ਹ ਦੇ ਪਤਾ ਚੱਲਦਾ ਹੈ ਕਿ ਕਿੰਨੀ ਧੱਕੇਸ਼ਾਹੀ ਹੋਈ ਹੈ।
ਇਸ ਸਬੰਧੀ ਵਾਕਆਊਟ ਕਰਕੇ ਆਏ ਬੀਬੀ ਜਗੀਰ ਕੌਰ, ਭਾਈ ਮਨਜੀਤ ਸਿੰਘ, ਸੁਖਦੇਵ ਸਿੰਘ ਭੌਰ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਬੀਬੀ ਕਿਰਨਜੋਤ ਕੌਰ ਆਦਿ ਨੇ ਕਿਹਾ ਕਿ ਉਨ੍ਹਾਂ ਦੇ ਮੈਂਬਰਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਸ ਮੰਗ ਨੂੰ ਲੈ ਕੇ ਉਨ੍ਹਾਂ ਵਲੋਂ ਇਕ ਮੰਗ ਪੱਤਰ ਬੀਤੇ ਦਿਨੀ ਪੇਸ਼ ਕੀਤਾ ਗਿਆ ਸੀ, ਉਸ ਸੰਬੰਧੀ ਅੱਜ ਦੇ ਇਜਲਾਸ ਵਿਚ ਕੋਈ ਏਜੰਡਾ ਨਹੀਂ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਉਹ 15 ਦਿਨਾਂ ਦੇ ਅੰਦਰ ਅੰਦਰ ਮੁੜ ਜਨਰਲ ਇਜਲਾਸ ਸੱਦਣ ਦੀ ਮੰਗ ਕਰਨਗੇ।