ਚੰਡੀਗੜ੍ਹ, 3 ਮਈ (ਖ਼ਬਰ ਖਾਸ ਬਿਊਰੋ)
ਸਰਕਾਰੀ ਡਿਊਟੀ ਵਿਚ ਲਾਪਰਵਾਹੀ ਵਰਤਣ ਦੇ ਦੋਸ਼ ਤਹਿਤ ਪੰਜਾਬ ਸਰਕਾਰ ਨੇ ਸੰਜੀਵ ਮਦਾਨ, ਸਹਾਇਕ ਕਮਿਸ਼ਨਰ ਰਾਜ ਕਰ, ਸਟੇਟ ਇਨਟੈਲੀਜੈਂਸ ਐਂਡ ਪ੍ਰੀਵੈਨਟਿਵ ਯੂਨਿਟ ਨੂੰ ਤਰੁੰਤ ਪ੍ਰਭਾਵ ਨਾਲ ਮੁਅਤਲ ਕਰ ਦਿੱਤਾ ਹੈ। ਮੁਅਤਲੀ ਦੌਰਾਨ ਸੰਜੀਵ ਮਦਾਨ ਦਾ ਹੈਡਕੁਆਰਟਰ ਦਫ਼ਤਰ ਸਹਾਇਕ ਕਮਿਸ਼ਨਰ ਤਰਨ ਤਾਰਨ ਹੋਵੇਗਾ ਅਤੇ ਬਿਨਾਂ ਮਨਜੂਰੀ ਤੋਂ ਸਬੰਧਤ ਅਧਿਕਾਰੀ ਸਟੇਸ਼ਨ ਨਹੀਂ ਛੱਡੇਗਾ। ਵਿਭਾਗ ਦੇ ਵਧੀਕ ਮੁੱਖ ਸਕਤੱਰ ਕਮ ਵਿੱਤੀ ਕਮਿਸ਼ਨਰ (ਕਰ) ਵਿਕਾਸ ਪ੍ਰਤਾਪ ਨੇ ਹੁਕਮ ਜਾਰੀ ਕੀਤੇ ਹਨ।
ਦੱਸਿਆ ਜਾਂਦਾ ਹੈ ਕਿ ਮੈਸਰਜ ਸੁਪਰੀਮ ਇੰਡਸਟਰੀਅਲ ਕਾਰਪੋਰੇਸ਼ਨ ਨੇ ਗਲਤ ਢੰਗ ਨਾਲ ਰਿਕਵਰੀ ਕਰਨ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਵਿਭਾਗ ਅਤੇ ਸੰਬਧਿਤ ਖਿਲਾਫ਼ ਕੇਸ ਦਾਇਰ ਕੀਤਾ ਹੋਇਆ ਹੈ। ਮਾਮਲੇ ਦੀ ਸੁਣਵਾਈ ਦੌਰਾਨ ਉਕਤ ਅਧਿਕਾਰੀ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ ਅਤੇ ਅਦਾਲਤ ਵਿਚ ਮਾਮਲੇ ਨਾਲ ਸਬੰਧਤ ਫਾਈਲ ਗੁੰਮ ਹੋਣ ਦੀ ਗੱਲ ਕਹੀ। ਪਤਾ ਲੱਗਿਆ ਹੈ ਕਿ ਸਬੰਧਤ ਅਧਿਕਾਰੀ ਨੇ ਅਦਾਲਤ ਵਿਚ ਸਬੰਧਤ ਕੰਪਨੀ ਨੂੰ ਰਿਕਵਰੀ ਵਾਪਸ ਕਰਨ ਦੀ ਗੱਲ ਮੰਨ ਲਈ। ਹਾਈਕੋਰਟ ਨੇ ਪਿਛਲੇ ਸਾਲ ਨਵੰਬਰ ਵਿਚ ਸਰਕਾਰ ਨੂੰ ਸਬੰਧਤ ਕਾਰਪੋਰੇਸ਼ਨ (ਪਟਿਸ਼ਨਰ) ਨੂੰ ਰਾਸ਼ੀ ਵਾਪਸ ਕਰਨ ਦੇ ਹੁਕਮ ਦਿੱਤੇ ਸਨ, ਪਰ ਹੁਕਮ ਅਨੁਸਾਰ ਰਾਸ਼ੀ ਵਾਪਸ ਨਹੀ ਕੀਤੀ ਗਈ। ਇਸ ਤਰਾਂ ਹਾਈਕੋਰਟ ਨੇ ਹੁਕਮ ਦੀ ਤਾਲੀਮ ਨਾ ਕਰਨ ਕਰਕੇ ਦਸ ਹਜ਼ਾਰ ਰੁਪਏ ਕਾਸਟ ਫੀਸ (ਜ਼ੁਰਮਾਨਾ) ਲਗਾ ਦਿੱਤਾ। ਜਿਸ ਨਾਲ ਹਾਈਕੋਰਟ ਵਿਚ ਸਰਕਾਰ ਦੀ ਕਿਰਕਰੀ ਹੋਈ। ਵਿਭਾਗ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸਨੂੰ ਸਬੰਧਤ ਅਧਿਕਾਰੀ ਦੀ ਗੰਭੀਰ ਲਾਪਰਵਾਹੀ ਮੰਨਦੇ ਹੋਏ ਉਚ ਅਧਿਕਾਰੀਆਂ ਨੂੰ ਸਬੰਧਤ ਅਧਿਕਾਰੀ ਖਿਲਾਫ਼ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਦਿੱਤੇ। ਸ਼ੁ੍ਕਰਵਾਰ ਨੂੰ ਵਿਭਾਗ ਦੇ ਵਧੀਕ ਮੁੱਖ ਸਕਤੱਰ ਕਮ ਵਿੱਤੀ ਕਮਿਸ਼ਨਰ (ਕਰ) ਵਿਕਾਸ ਪ੍ਰਤਾਪ ਨੇ ਹੁਕਮ ਜਾਰੀ ਕੀਤੇ ।