ਟੋਰਾਂਟੋ, 3 ਮਈ (ਖ਼ਬਰ ਖਾਸ ਬਿਊਰੋ)
ਕੈਨੇਡਾ ’ਚ ਘੁੰਮਣ ਆਏ ਭਾਰਤੀ ਜੋੜੇ ਅਤੇ ਉਨ੍ਹਾਂ ਦੇ ਤਿੰਨ ਮਹੀਨਿਆਂ ਦੇ ਪੋਤੇ ਸਮੇਤ ਚਾਰ ਵਿਅਕਤੀ ਸੜਕ ਹਾਦਸੇ ’ਚ ਉਦੋਂ ਮਾਰੇ ਗਏ, ਜਦੋਂ ਓਨਟਾਰੀਓ ਪੁਲੀਸ ਦੀ ਗੱਡੀ ਨੇ ਸ਼ਰਾਬ ਦੀ ਦੁਕਾਨ ਲੁੱਟਣ ਵਾਲੇ ਸ਼ੱਕੀ ਨੂੰ ਫੜਨ ਲਈ ਉਲਟੀ ਦਿਸ਼ਾ ਵੱਲ ਗੱਡੀ ਮੋੜ ਲਈ। ਇਸ ਕਾਰਨ ਕਈ ਵਾਹਨ ਆਪਸ ਵਿੱਚ ਟਕਰਾਅ ਗਏ। ਹਾਦਸੇ ਵਿੱਚ ਚਾਰਾਂ ਦੀ ਮੌਕੇ ’ਤੇ ਮੌਤ ਹੋ ਗਈ ਤੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਹਾਦਸੇ ਵਿੱਚ ਮਰਨ ਵਾਲਿਆਂ ਵਿੱਚ 60 ਸਾਲਾ ਵਿਅਕਤੀ ਅਤੇ 55 ਸਾਲਾ ਔਰਤ ਸ਼ਾਮਲ ਹੈ, ਜੋ ਭਾਰਤ ਤੋਂ ਆਏ ਸਨ। ਮ੍ਰਿਤਕਾਂ ਦੇ ਨਾਂ ਜਾਰੀ ਨਹੀਂ ਕੀਤੇ ਗਏ। ਹਾਦਸੇ ਵਿੱਚ ਜੋੜੇ ਦੇ ਤਿੰਨ ਮਹੀਨਿਆਂ ਦੇ ਪੋਤੇ ਦੀ ਵੀ ਮੌਤ ਹੋ ਗਈ। ਸੋਮਵਾਰ ਨੂੰ ਹੋਏ ਹਾਦਸੇ ਤੋਂ ਬਾਅਦ ਹਾਈਵੇਅ 401 ਕਈ ਘੰਟਿਆਂ ਤੱਕ ਬੰਦ ਰਿਹਾ। ਨਵਜੰਮੇ ਬੱਚੇ ਦੇ 33 ਸਾਲਾ ਪਿਤਾ ਅਤੇ 27 ਸਾਲਾ ਮਾਂ ਜ਼ਖ਼ਮੀ ਹੋ ਗਏ। ਔਰਤ ਦੀ ਹਾਲਤ ਗੰਭੀਰ ਹੈ। ਹਾਦਸੇ ਵਿੱਚ ਲੁੱਟ ਕਰਨ ਵਾਲੇ 21 ਸਾਲਾ ਨੌਜਵਾਨ ਦੀ ਮੌਤ ਹੋ ਗਈ।