ਭਾਰਤ ਮਾਲਾ ਪ੍ਰਾਜੈਕਟ: ਕਿਸਾਨਾਂ ਕੋਲੋਂ ਜ਼ਮੀਨ ਦਾ ਕਬਜ਼ਾ ਛੁਡਵਾਇਆ

ਸ਼ਾਹਕੋਟ, 23 ਮਾਰਚ (ਖਬ਼ਰ ਖਾਸ ਬਿਊਰੋ) :

ਤਹਿਸੀਲ ਸ਼ਾਹਕੋਟ ਦੇ ਪਿੰਡਾਂ ਵਿੱਚੋਂ ਦੀ ਲੰਘ ਰਹੇ ਭਾਰਤ ਮਾਲਾ ਪ੍ਰਾਜੈਕਟ ਦੇ ਰਾਸ਼ਟਰੀ ਹਾਈਵੇਅ ਦੇ ਰੁਕੇ ਹੋਏ ਕੰਮ ਨੂੰ ਚਾਲੂ ਕਰਵਾਉਣ ਲਈ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੇ ਅੱਜ ਸਬੰਧਤ ਕਿਸਾਨਾਂ ਕੋਲੋਂ ਜ਼ਮੀਨ ਦਾ ਕਬਜ਼ਾ ਛੁਡਵਾ ਲਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਕ੍ਰਿਸ਼ਨ ਦੇਵ ਤੇ ਪਵਨ ਕੁਮਾਰ ਪੁਤਰਾਨ ਪ੍ਰੇਮ ਲਾਲ ਵਾਸੀ ਮਿਆਣੀ ਦੀ 27 ਕਨਾਲ ਜ਼ਮੀਨ ਤੇ ਉਸ ਦਾ ਘਰ ਵੀ ਇਸ ਪ੍ਰਾਜੈਕਟ ਅਧੀਨ ਉਸਾਰੇ ਜਾ ਰਹੇ ਰਾਸ਼ਟਰੀ ਹਾਈਵੇਅ ਵਿੱਚ ਆ ਰਿਹਾ ਸੀ, ਜਿਸ ਨੂੰ ਉਹ ਦੇਣ ਲਈ ਤਿਆਰ ਨਹੀਂ ਸੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਇਸ ਪ੍ਰਾਜੈਕਟ ਦੇ ਕੀਤੇ ਜਾ ਰਹੇ ਵਿਰੋਧ ਕਾਰਨ ਸੜਕ ਦੀ ਉਸਾਰੀ ਦਾ ਕੰਮ ਬੰਦ ਪਿਆ ਸੀ। ਪ੍ਰਸ਼ਾਸਨ ਵੱਲੋਂ ਦਿਖਾਈ ਸਖ਼ਤੀ ਕਾਰਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਸਲਵਿੰਦਰ ਸਿੰਘ ਜਾਣੀਆਂ, ਰਾਸ਼ਟਰੀ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ, ਸਿਵਲ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਮਨਿੰਦਰ ਸਿੰਘ ਸਿੱਧੂ, ਸਬੰਧਤ ਕਿਸਾਨ ਭਰਾਵਾਂ ਅਤੇ ਇਲਾਕੇ ਦੇ ਪਤਵੰਤਿਆਂ ਦਾ ਪ੍ਰਸ਼ਾਸਨ ਨਾਲ ਸਮਝੌਤਾ ਹੋ ਗਿਆ। ਇਸ ਸਮਝੌਤੇ ’ਚ ਸਬੰਧਤ ਕਿਸਾਨਾਂ ਦੀ 27 ਕਨਾਲ ਜ਼ਮੀਨ ਤੇ ਘਰ ਸਬੰਧੀ 62 ਲੱਖ 34 ਹਜ਼ਾਰ ਰੁਪਏ ਦੇ ਮੁਆਵਜ਼ੇ ਨੂੰ ਕਿਸਾਨ 24 ਮਾਰਚ ਨੂੰ ਵਸੂਲ ਕਰ ਲੈਣਗੇ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਕਿਸਾਨਾਂ ਕੋਲੋਂ ਜ਼ਮੀਨ ਦਾ ਕਬਜ਼ਾ ਲੈਣ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੀਤੇ ਜਾਣ ਵਾਲੇ ਵਿਰੋਧ ਨੂੰ ਦੇਖਦਿਆਂ ਪੁਲੀਸ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਰਾਜਿੰਦਰ ਸਿੰਘ ਨੰਗਲ ਅੰਬੀਆਂ, ਜਗਦੀਸ਼ਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ, ਬਲਵਿੰਦਰ ਸਿੰਘ ਰੋਡਾ, ਬੱਗਾ, ਕੁਲਵਿੰਦਰ ਸਿੰਘ, ਸੁਰਿੰਦਰ ਸਿੰਘ ਅਤੇ ਤੇਜਾ ਸਿੰਘ ਨੂੰ ਖਨੌਰੀ ਸਰਹੱਦ ਤੋਂ ਵਾਪਸ ਪਰਤਦਿਆਂ ਨੂੰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਚਾਹਲ ਨੂੰ ਉਨ੍ਹਾਂ ਦੇ ਘਰੋਂ ਹਿਰਾਸਤ ਵਿੱਚ ਲੈ ਲਿਆ। ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਨੂੰ ਹਿਰਾਸਤ ਵਿਚ ਲੈਣ ਸਬੰਧੀ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਬੱਲ ਦੀ ਅਗਵਾਈ ਹੇਠ ਵਫ਼ਦ ਡੀਐੱਸਪੀ ਉਂਕਾਰ ਸਿੰਘ ਬਰਾੜ ਨੂੰ ਮਿਲਿਆ। ਮਗਰੋਂ ਐੱਸਐੱਚਓ ਸ਼ਾਹਕੋਟ ਬਲਵਿੰਦਰ ਸਿੰਘ ਭੁੱਲਰ ਨੇ ਜ਼ਿਲ੍ਹਾ ਸਕੱਤਰ ਨੂੰ ਡੀਐੱਸਪੀ ਦੇ ਦਫਤਰ ’ਚ ਯੂਨੀਅਨ ਆਗੂਆਂ ਦੇ ਹਵਾਲੇ ਕਰ ਦਿਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ 8 ਆਗੂਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਨਾ ਕਿਸੇ ਨੂੰ ਹਿਰਾਸਤ ਵਿੱਚ ਲਿਆ ਨਾ ਜੇਲ੍ਹ ਭੇਜਿਆ: ਡੀਐੱਸੀਪੀ

ਡੀਐੱਸਪੀ ਉਂਕਾਰ ਸਿੰਘ ਬਰਾੜ ਨੇ ਕਿਹਾ ਉਹ ਇਸ ਸਬੰਧੀ ਬਾਅਦ ਵਿੱਚ ਆ ਕੇ ਦੱਸਣਗੇ। ਬਅਦ ਵਿੱਚ ਜਦੋਂ ਇਸ ਸਬੰਧੀ ਉਨ੍ਹਾਂ ਦੇ ਸਰਕਾਰੀ ਨੰਬਰ ’ਤੇ ਉਨ੍ਹਾਂ ਨਾਲ ਫੋਨ ’ਤੇ ਗੱਲ ਕੀਤੀ ਤਾਂ ਤਾਂ ਉਹ ਕਹਿਣ ਲੱਗੇ ਕਿ ਉਨ੍ਹਾਂ ਨੇ ਨਾ ਤਾਂ ਕਿਸੇ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਨਾ ਹੀ ਕਿਸੇ ਨੂੰ ਜੇਲ੍ਹ ਭੇਜਿਆ ਹੈ।

Leave a Reply

Your email address will not be published. Required fields are marked *