ਨਵੀਂ ਦਿੱਲੀ, 22 ਮਾਰਚ (ਖਬ਼ਰ ਖਾਸ ਬਿਊਰੋ) :
ਅਮਰੀਕਾ ਦੇ ਫਲੋਰਿਡਾ ਵਿੱਚ ਇੱਕ ਔਰਤ ਨੇ ਜ਼ਰੂਰੀ ਦਸਤਾਵੇਜ਼ ਨਾ ਹੋਣ ਕਾਰਨ ਆਪਣੇ ਕੁੱਤੇ ਨੂੰ ਜਹਾਜ਼ ਵਿਚ ਲੈ ਕੇ ਜਾਣ ਦੀ ਆਗਿਆ ਨਾ ਮਿਲਣ ਕਾਰਨ ਉਸ ਨੂੰ ਹਵਾਈ ਅੱਡੇ ਦੇ ਟਾਇਲਟ ਵਿੱਚ ਡੁਬੋ ਕੇ ਮਾਰ ਦਿੱਤਾ ਅਤੇ ਫਿਰ ਜਹਾਜ਼ ਵਿੱਚ ਸਵਾਰ ਹੋ ਗਈ। ਪੁਲੀਸ ਨੇ ਔਰਤ ਨੂੰ ਲੇਕ ਕਾਊਂਟੀ ਖੇਤਰ ਤੋਂ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਅਤੇ ਉਸ ’ਤੇ ਪਾਲਤੂ ਜਾਨਵਰਾਂ ਨਾਲ ਕਰੂਰਤਾ ਦਾ ਦੋਸ਼ ਲਾਇਆ ਗਿਆ ਹੈ।
ਬਾਅਦ ਵਿੱਚ ਉਸ ਨੂੰ 5,000 ਅਮਰੀਕੀ ਡਾਲਰ ਦੀ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਆਰਲੈਂਡੋ ਪੁਲੀਸ ਵਿਭਾਗ ਨੇ ਆਪਣੇ ਹਲਫ਼ਨਾਮੇ ਵਿੱਚ ਕਿਹਾ, “ਇਹ ਹੱਤਿਆ ਜਾਣ-ਬੂੱਝ ਕੇ ਕੀਤੀ ਗਈ ਸੀ ਅਤੇ ਇਸ ਜ਼ਾਲਮਾਨਾ ਕਾਰਵਾਈ ਕਾਰਨ ਜਾਨਵਰ ਦੀ ਮੌਤ ਹੋ ਗਈ।”
ਪੁਲੀਸ ਵਿਭਾਗ ਅਨੁਸਾਰ ਇਕ ਸਫ਼ਾਈ ਕਰਮਚਾਰੀ ਨੇ ਮਰੇ ਹੋਏ ਕੁੱਤੇ ਨੂੰ ਬਾਥਰੂਮ ਦੇ ਕੂੜੇਦਾਨ ਵਿੱਚ ਪਾਇਆ, ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਦਸੰਬਰ ਵਿੱਚ ਸ਼ੁਰੂ ਹੋਈ ਸੀ। ਪੁਲੀਸ ਜਾਂਚ ਵਿੱਚ ਪਤਾ ਲੱਗਾ ਕਿ ਔਰਤ ਪਹਿਲਾਂ ਆਪਣੇ ਕੁੱਤੇ ਨਾਲ ਬਾਥਰੂਮ ਅੰਦਰ ਦਾਖਲ ਹੋਈ ਅਤੇ ਕੁਝ ਸਮੇਂ ਬਾਅਦ ਉਹ ਕੁੱਤੇ ਦੇ ਬਿਨਾਂ ਬਾਹਰ ਆਈ।
ਔਰਤ ਨੇ ਪਹਿਲਾਂ ਇਸ ਤੋਂ ਪਹਿਲਾਂ 15 ਮਿੰਟ ਤੱਕ ਹਵਾਈ ਕੰਪਨੀ ਦੇ ਏਜੰਟ ਨਾਲ ਗੱਲਬਾਤ ਕੀਤੀ ਅਤੇ ਫਿਰ ਉਹ ਆਪਣੇ ਕੁੱਤੇ ਨੂੰ ਲੈ ਕੇ ਬਾਥਰੂਮ ’ਚ ਚਲੀ ਗਈ। ਪੁਲੀਸ ਅਨੁਸਾਰ ਜਦੋਂ ਉਹ 20 ਮਿੰਟ ਤੋਂ ਬਾਅਦ ਬਾਹਰ ਆਈ ਤਾਂ ਕੁੱਤਾ ਉਸ ਨਾਲ ਨਹੀਂ ਸੀ ਅਤੇ ਉਹ ਕੋਲੰਬੀਆ ਜਾਣ ਵਾਲੀ ਉਡਾਣ ਵਿੱਚ ਸਵਾਰ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਰੂਰੀ ਦਸਤਾਵੇਜ਼ ਨਾ ਹੋਣ ਕਰਕੇ ਔਰਤ ਨੂੰ ਕੁੱਤੇ ਨਾਲ ਸਫਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।