ਪਾਕਿਸਤਾਨ 18 ਮਾਰਚ (ਖਬ਼ਰ ਖਾਸ ਬਿਊਰੋ)
ਪਾਕਿਸਤਾਨ ਲਈ ਇਸ ਸਮੇਂ ਕੁੱਝ ਠੀਕ ਨਹੀਂ ਚਲ ਰਿਹਾ। ਪਾਕਿਸਤਾਨ ਨੇ ਪਹਿਲਾਂ ਅਪਣੇ ਘਰ ’ਚ ਚੈਂਪੀਅਨਜ਼ ਟਰਾਫ਼ੀ ਹਾਰੀ ਤੇ ਹੁਣ ਵਿਦੇਸ਼ੀ ਦੌਰੇ ’ਤੇ ਵੀ ਦੋ ਮੈਚਾਂ ’ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਨਿਊਜ਼ੀਲੈਂਡ ਦੌਰੇ ‘ਤੇ ਪਾਕਿਸਤਾਨ ਦਾ ਮਾੜਾ ਪ੍ਰਦਰਸ਼ਨ ਜਾਰੀ ਹੈ। ਸਲਮਾਨ ਆਗਾ ਦੀ ਅਗਵਾਈ ਵਾਲੀ ਪਾਕਿਸਤਾਨ ਟੀਮ ਨੂੰ ਅੱਜ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਨਿਊਜ਼ੀਲੈਂਡ ਦੇ ਹੱਥੋਂ 11 ਗੇਂਦਾਂ ਬਾਕੀ ਰਹਿੰਦਿਆਂ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਨਿਊਜ਼ੀਲੈਂਡ ਦੇ ਦੌਰੇ ‘ਤੇ ਪਾਕਿਸਤਾਨ ਨੂੰ ਮੰਗਲਵਾਰ ਨੂੰ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਵਿਚ ਪੰਜ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨੀ ਟੀਮ ਪੰਜ ਮੈਚਾਂ ਦੀ ਲੜੀ ਵਿਚ 0-2 ਨਾਲ ਪਿੱਛੇ ਹੋ ਗਈ ਹੈ। ਟਿਮ ਸੀਫ਼ਰਟ ਨੂੰ ਉਸ ਦੀ ਹਮਲਾਵਰ ਪਾਰੀ ਲਈ ਪਲੇਅਰ ਆਫ਼ ਦ ਮੈਚ ਚੁਣਿਆ ਗਿਆ।
ਤੁਹਾਨੂੰ ਦਸ ਦੇਈਏ ਕਿ ਮੰਗਲਵਾਰ ਨੂੰ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਟੀ-20 ਅੰਤਰਰਾਸ਼ਟਰੀ ਮੈਚ ਮੀਂਹ ਕਾਰਨ ਦੇਰੀ ਨਾਲ ਸ਼ੁਰੂ ਹੋਇਆ। ਸਮਾਂ ਘਟਣ ਕਾਰਨ, ਇਹ ਮੈਚ 15-15 ਓਵਰਾਂ ਵਿਚ ਖੇਡਿਆ ਗਿਆ। ਨਿਊਜ਼ੀਲੈਂਡ ਦੇ ਕਪਤਾਨ ਮਾਈਕਲ ਬ੍ਰੇਸਵੈੱਲ ਨੇ ਟਾਸ ਜਿੱਤ ਕੇ ਪਾਕਿਸਤਾਨ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿਤਾ।
ਪਾਕਿਸਤਾਨ ਦੀ ਸ਼ੁਰੂਆਤ ਮਾੜੀ ਰਹੀ। ਜੈਕਬ ਡਫੀ ਨੇ ਪਹਿਲੇ ਹੀ ਓਵਰ ਵਿਚ ਸਲਾਮੀ ਬੱਲੇਬਾਜ਼ ਹਸਨ ਨਵਾਜ਼ ਨੂੰ ਮਾਰਕ ਚੈਪਮੈਨ ਹੱਥੋਂ ਕੈਚ ਕਰਵਾ ਦਿਤਾ। ਨਵਾਜ਼ ਅਪਣਾ ਖਾਤਾ ਖੋਲ੍ਹੇ ਬਿਨਾਂ ਹੀ ਆਊਟ ਹੋ ਗਿਆ। ਇੱਥੋਂ, ਕੀਵੀ ਗੇਂਦਬਾਜ਼ਾਂ ਨੇ ਦਬ-ਦਬਾ ਸੰਭਾਲਿਆ ਤੇ ਨਿਯਮਤ ਅੰਤਰਾਲਾਂ ‘ਤੇ ਪਾਕਿਸਤਾਨ ਨੂੰ ਝਟਕੇ ਦਿਤੇ। ਪਾਕਿਸਤਾਨ ਵਲੋਂ ਸਭ ਤੋਂ ਵੱਧ ਸਕੋਰਰ ਕਪਤਾਨ ਸਲਮਾਨ ਆਗਾ ਰਹੇ, ਜਿਨ੍ਹਾਂ ਨੇ 28 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 46 ਦੌੜਾਂ ਬਣਾਈਆਂ।
ਸ਼ਾਦਾਬ ਖਾਨ (26) ਅਤੇ ਸ਼ਾਹੀਨ ਅਫਰੀਦੀ (22*) ਨੇ ਵੀ ਲਾਭਦਾਇਕ ਯੋਗਦਾਨ ਪਾਇਆ। ਨਿਊਜ਼ੀਲੈਂਡ ਲਈ ਜੈਕਬ ਡਫੀ, ਬੇਨ ਸੀਅਰਸ, ਜੇਮਜ਼ ਨੀਸ਼ਮ ਅਤੇ ਈਸ਼ ਸੋਢੀ ਨੇ ਦੋ-ਦੋ ਵਿਕਟਾਂ ਲਈਆਂ। ਹੈਰਿਸ ਰਾਊਫ਼ (1) ਰਨ ਆਊਟ ਹੋਇਆ। ਪਾਕਿਸਤਾਨ ਦੀ ਟੀਮ 15 ਓਵਰਾਂ ਵਿਚ 9 ਵਿਕਟਾਂ ਗੁਆ ਕੇ 135 ਦੌੜਾਂ ਹੀ ਬਣਾ ਸਕੀ।
136 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਨਿਊਜ਼ੀਲੈਂਡ ਨੇ ਟਿਮ ਸੀਫ਼ਰਟ (45) ਅਤੇ ਫਿਨ ਐਲਨ (38) ਨੇ 66 ਦੌੜਾਂ ਦੀ ਸਾਂਝੇਦਾਰੀ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ। ਸੀਫ਼ਰਟ ਨੇ ਅਫ਼ਰੀਦੀ ਦੇ ਇੱਕ ਓਵਰ ਵਿਚ ਚਾਰ ਛੱਕੇ ਲਗਾਏ, ਜੋ ਮੈਚ ਵਿਚ ਖਿੱਚ ਦਾ ਕੇਂਦਰ ਬਣੇ। ਸੀਫ਼ਰਟ ਨੇ ਸਿਰਫ਼ 22 ਗੇਂਦਾਂ ਵਿਚ ਤਿੰਨ ਚੌਕੇ ਅਤੇ ਪੰਜ ਛੱਕਿਆਂ ਦੀ ਮਦਦ ਨਾਲ 45 ਦੌੜਾਂ ਬਣਾਈਆਂ।
ਮੁਹੰਮਦ ਅਲੀ ਨੇ ਸੀਫ਼ਰਟ ਦੀ ਪਾਰੀ ਦਾ ਅੰਤ ਸ਼ਾਹੀਨ ਅਫ਼ਰੀਦੀ ਹੱਥੋਂ ਕੈਚ ਕਰਵਾ ਕੇ ਕੀਤਾ। ਇਸ ਤੋਂ ਬਾਅਦ ਜਹਾਂਦਾਦ ਖਾਨ ਨੇ ਐਲਨ ਨੂੰ ਐਲਬੀਡਬਲਯੂ ਆਊਟ ਕਰਕੇ ਕੀਵੀ ਟੀਮ ਨੂੰ ਇੱਕ ਹੋਰ ਝਟਕਾ ਦਿਤਾ। ਐਲਨ ਨੇ ਸਿਰਫ਼ 16 ਗੇਂਦਾਂ ਵਿੱਚ ਇੱਕ ਚੌਕੇ ਅਤੇ ਪੰਜ ਛੱਕਿਆਂ ਦੀ ਮਦਦ ਨਾਲ 38 ਦੌੜਾਂ ਬਣਾਈਆਂ।
ਹੈਰਿਸ ਰਾਊਫ ਨੇ ਡੈਰਿਲ ਮਿਸ਼ੇਲ (14) ਅਤੇ ਜੇਮਸ ਨੀਸ਼ਮ (5) ਨੂੰ ਆਊਟ ਕੀਤਾ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਮਿਸ਼ੇਲ ਹੇਅ (21*) ਨੇ ਨਿਊਜ਼ੀਲੈਂਡ ਨੂੰ ਲਗਾਤਾਰ ਦੂਜੀ ਜਿੱਤ ਦਿਵਾਈ। ਮੇਜ਼ਬਾਨ ਟੀਮ ਨੇ 11 ਗੇਂਦਾਂ ਬਾਕੀ ਰਹਿੰਦਿਆਂ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਦਿਤਾ।
ਸੰਖੇਪ ਸਕੋਰ:
ਪਾਕਿਸਤਾਨ 15 ਓਵਰਾਂ ਵਿੱਚ 135/9
ਨਿਊਜ਼ੀਲੈਂਡ – 13.1 ਓਵਰਾਂ ਵਿੱਚ 137/5
ਤੁਹਾਨੂੰ ਯਾਦ ਦਿਵਾਉਂਦੇ ਹਾਂ ਕਿ ਪਾਕਿਸਤਾਨ ਨੂੰ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ 59 ਗੇਂਦਾਂ ਬਾਕੀ ਰਹਿੰਦਿਆਂ ਨਿਊਜ਼ੀਲੈਂਡ ਹੱਥੋਂ 9 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।