ਇਜ਼ਰਾਈਲ 18 ਮਾਰਚ (ਖਬ਼ਰ ਖਾਸ ਬਿਊਰੋ)
ਇਜ਼ਰਾਈਲ ਨੇ ਮੰਗਲਵਾਰ ਸਵੇਰੇ ਗਾਜ਼ਾ ਪੱਟੀ ਵਿੱਚ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਹਵਾਈ ਹਮਲੇ ਕੀਤੇ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਹਮਲੇ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 235 ਲੋਕ ਮਾਰੇ ਗਏ ਹਨ। ਕਿਹਾ ਜਾ ਰਿਹਾ ਹੈ ਕਿ ਜਨਵਰੀ ਵਿੱਚ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਗਾਜ਼ਾ ਵਿੱਚ ਇਹ ਸਭ ਤੋਂ ਭਿਆਨਕ ਹਮਲਾ ਹੈ।
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੇ ਹਮਲੇ ਦਾ ਹੁਕਮ ਇਸ ਲਈ ਦਿੱਤਾ ਕਿਉਂਕਿ ਜੰਗਬੰਦੀ ਨੂੰ ਵਧਾਉਣ ਲਈ ਗੱਲਬਾਤ ਵਿੱਚ ਕੋਈ ਮਹੱਤਵਪੂਰਨ ਪ੍ਰਗਤੀ ਨਹੀਂ ਹੋਈ ਸੀ। ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਤ ਦਫ਼ਤਰ ਅਤੇ ਵ੍ਹਾਈਟ ਹਾਊਸ ਨੇ ਕਿਹਾ ਕਿ ਹਮਲੇ ਤੋਂ ਪਹਿਲਾਂ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਸੀ ਅਤੇ ਇਜ਼ਰਾਈਲ ਦੇ ਫ਼ੈਸਲੇ ਦਾ ਸਮਰਥਨ ਕੀਤਾ।
ਵ੍ਹਾਈਟ ਹਾਊਸ ਨੇ ਫਿਰ ਤੋਂ ਜੰਗ ਵਰਗੀ ਸਥਿਤੀ ਲਈ ਹਮਾਸ ਨੂੰ ਜ਼ਿੰਮੇਵਾਰ ਠਹਿਰਾਇਆ। ਅਮਰੀਕੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਬ੍ਰਾਇਨ ਹਿਊਜ਼ ਨੇ ਕਿਹਾ ਕਿ ਕੱਟੜਪੰਥੀ ਸਮੂਹ ‘‘ਜੰਗਬੰਦੀ ਨੂੰ ਵਧਾਉਣ ਲਈ ਬੰਧਕਾਂ ਨੂੰ ਰਿਹਾਅ ਕਰ ਸਕਦਾ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਅਤੇ ਯੁੱਧ ਚੁਣਿਆ।’’
ਅਮਰੀਕੀ ਰਾਜਦੂਤ ਸਟੀਵ ਵਿਟਕੌਫ, ਜੋ ਮਿਸਰ ਅਤੇ ਕਤਰ ਨਾਲ ਵਿਚੋਲਗੀ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰ ਰਹੇ ਹਨ, ਨੇ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਹਮਾਸ ਨੂੰ ਤੁਰੰਤ ਬਚੇ ਹੋਏ ਬੰਧਕਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ ‘‘ਨਹੀਂ ਤਾਂ ਭਾਰੀ ਕੀਮਤ ਚੁਕਾਉਣੀ ਪਵੇਗੀ।’’ ਨੇਤਨਯਾਹੂ ਦੇ ਦਫ਼ਤਰ ਨੇ ਕਿਹਾ, ‘‘ਇਜ਼ਰਾਈਲ ਹੁਣ ਫ਼ੌਜੀ ਤਾਕਤ ਵਧਾ ਕੇ ਹਮਾਸ ਵਿਰੁੱਧ ਕਾਰਵਾਈ ਕਰੇਗਾ।’’
ਰਾਤ ਭਰ ਹੋਏ ਹਮਲਿਆਂ ਨੇ ਸ਼ਾਂਤੀ ਦੇ ਦੌਰ ਨੂੰ ਖ਼ਤਮ ਕਰ ਦਿੱਤਾ ਅਤੇ 17 ਮਹੀਨਿਆਂ ਤੋਂ ਚੱਲ ਰਹੇ ਸੰਘਰਸ਼ ਦੇ ਮੁੜ ਸ਼ੁਰੂ ਹੋਣ ਦਾ ਡਰ ਪੈਦਾ ਕਰ ਦਿੱਤਾ ਜਿਸ ਵਿੱਚ 48,000 ਤੋਂ ਵੱਧ ਫ਼ਲਸਤੀਨੀ ਮਾਰੇ ਗਏ ਹਨ ਅਤੇ ਗਾਜ਼ਾ ਨੂੰ ਤਬਾਹ ਕਰ ਦਿੱਤਾ ਗਿਆ ਹੈ।
ਇਜ਼ਰਾਈਲੀ ਹਮਲਿਆਂ ਨੇ ਹਮਾਸ ਦੁਆਰਾ ਬੰਧਕ ਬਣਾਏ ਗਏ ਲਗਭਗ 24 ਇਜ਼ਰਾਈਲੀ ਨਾਗਰਿਕਾਂ ਦੇ ਭਵਿੱਖ ਬਾਰੇ ਸ਼ੰਕੇ ਪੈਦਾ ਕਰ ਦਿੱਤੇ ਹਨ, ਜਿਨ੍ਹਾਂ ਨੂੰ ਅਜੇ ਵੀ ਜ਼ਿੰਦਾ ਮੰਨਿਆ ਜਾ ਰਿਹਾ ਹੈ। ਹਮਾਸ ਨੇ ਨੇਤਨਯਾਹੂ ’ਤੇ ਜੰਗਬੰਦੀ ਸਮਝੌਤੇ ਨੂੰ ਤੋੜਨ ਅਤੇ ਬੰਧਕਾਂ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾਉਣ ਦਾ ਦੋਸ਼ ਲਗਾਇਆ। ਬਿਆਨ ਵਿੱਚ, ਹਮਾਸ ਨੇ ਵਿਚੋਲਿਆਂ ਨੂੰ ਇਜ਼ਰਾਈਲ ਨੂੰ ‘‘ਸਮਝੌਤੇ ਦੀ ਉਲੰਘਣਾ ਅਤੇ ਉਸ ਨੂੰ ਖ਼ਤਮ ਕਰਨ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਉਣ’’ ਦਾ ਸੱਦਾ ਦਿੱਤਾ।