ਅਕਾਲ ਤਖ਼ਤ ਵੱਲੋਂ ਗਠਿਤ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਪ੍ਰਕਿਰਿਆ ਸ਼ੁਰੂ

ਅੰਮ੍ਰਿਤਸਰ, 18 ਮਾਰਚ (ਖਬ਼ਰ ਖਾਸ ਬਿਊਰੋ)

Punjab News ਸ਼੍ਰੋਮਣੀ ਅਕਾਲੀ ਦਲ ਵਿਚ ਭਰਤੀ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਇੱਥੇ ਸ੍ਰੀ ਅਕਾਲ ਤਖ਼ਤ ਵਿਖੇ ਅਰਦਾਸ ਮਗਰੋਂ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿੱਚ ਸ੍ਰੀ ਅਕਾਲ ਤਖਤ ਵਿਖੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਰਦਾਸ ਕੀਤੀ ਗਈ।

ਭਰਤੀ ਦੌਰਾਨ ਸਭ ਤੋਂ ਪਹਿਲੀ ਪਰਚੀ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕੱਟੀ ਗਈ ਅਤੇ ਉਸ ਤੋਂ ਬਾਅਦ ਬਾਕੀ ਆਗੂਆਂ ਵੱਲੋਂ ਮੈਂਬਰਸ਼ਿਪ ਭਰਤੀ ਦੀ ਪਰਚੀ ਕਟਵਾਈ ਗਈ। ਭਰਤੀ ਪ੍ਰਕਿਰਿਆ ਦੀ ਆਰੰਭਤਾ ਸਮੇਂ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ, ਬਾਬਾ ਸਰਬਜੋਤ ਸਿੰਘ ਬੇਦੀ, ਪ੍ਰੇਮ ਸਿੰਘ ਚੰਦੂਮਾਜਰਾ, ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਵੀ ਪੁੱਜੀਆਂ ਹੋਈਆਂ ਸਨ।

ਹੋਰ ਪੜ੍ਹੋ 👉  ਮੁੱਖ ਮੰਤਰੀ ਨੇ ਭਾਈ ਕਨ੍ਹਈਆ ਜੀ ਦਾ ਇਤਿਹਾਸਿਕ ਹਵਾਲਾ ਗ਼ਲਤ ਸੰਦਰਭ ਵਿੱਚ ਦਿੱਤਾ- ਪਰਗਟ ਸਿੰਘ

ਇਸ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਨਵ ਨਿਯੁਕਤ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਰਤੀ ਸਬੰਧੀ ਪੰਜ ਮੈਂਬਰੀ ਕਮੇਟੀ ਨੂੰ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਗੱਲਬਾਤ ਦਾ ਸੱਦਾ ਦਿੱਤਾ ਹੈ। ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਥੇਦਾਰ ਵਡਾਲਾ ਨੇ ਆਖਿਆ ਕਿ ਉਹ ਉਨ੍ਹਾਂ ਨੂੰ ਮਿਲਣ ਵਾਸਤੇ ਜਾਣਗੇ।

ਅਰਦਾਸ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਖਿਆ ਕਿ ਇਹ ਭਰਤੀ ਸ੍ਰੀ ਅਕਾਲ ਤਖਤ ਦੇ ਆਦੇਸ਼ ਅਨੁਸਾਰ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਨਾਂ ਹੇਠ ਹੋਣ ਵਾਲੀ ਭਰਤੀ ਵਾਸਤੇ ਮੈਂਬਰਾਂ ਕੋਲੋਂ ਕੋਈ ਫੀਸ ਨਹੀਂ ਲਈ ਜਾਵੇਗੀ। ਇਹ ਭਰਤੀ ਬਿਨਾਂ ਫੀਸ ਦੇ ਹੋਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਵੱਲੋਂ ਦਿੱਤੇ ਗਏ ਸਮੇਂ ਮੁਤਾਬਕ ਇਹ ਭਰਤੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ। ਭਰਤੀ ਤੋਂ ਬਾਅਦ ਡੈਲੀਗੇਟ ਚੁਣੇ ਜਾਣਗੇ ਅਤੇ ਡੈਲੀਗੇਟ ਪ੍ਰਧਾਨ ਦੀ ਚੋਣ ਕਰਨਗੇ।

ਹੋਰ ਪੜ੍ਹੋ 👉  ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਪੜਾਅ ਦੀ ਪ੍ਰਗਤੀ ਦਾ ਮੁੱਖ ਮੰਤਰੀ ਨੇ ਲਿਆ ਜਾਇਜਾ, ਕਹੀ ਇਹ ਗੱਲ

ਦੱਸਣ ਯੋਗ ਹੈ ਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਤੇ ਹੋਰਨਾਂ ਵੱਲੋਂ ਇਸ ਭਰਤੀ ’ਤੇ ਇਤਰਾਜ਼ ਕੀਤਾ ਜਾ ਚੁੱਕਾ ਹੈ।

Leave a Reply

Your email address will not be published. Required fields are marked *