ਨਵੀਂ ਦਿੱਲੀ, 17 ਮਾਰਚ (ਖਬ਼ਰ ਖਾਸ ਬਿਊਰੋ)
ਦਿੱਲੀ ਦੀ ਇੱਕ ਅਦਾਲਤ ਨੇ ਅੱਜ ਦਿੱਲੀ ਪੁਲੀਸ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ‘ਆਪ’ ਆਗੂ ਰਾਘਵ ਚੱਢਾ ਨੂੰ 2020 ਦੇ ਦਿੱਲੀ ਜਲ ਬੋਰਡ ਦਫਤਰ ਭੰਨਤੋੜ ਮਾਮਲੇ ਵਿੱਚ ਉਨ੍ਹਾਂ ਦੀ ਸ਼ਿਕਾਇਤ ’ਤੇ ਦਾਇਰ ਪੂਰਕ ਚਾਰਜਸ਼ੀਟ ਦੀ ਇੱਕ ਕਾਪੀ ਮੁਹੱਈਆ ਕਰਵਾਏ। ਵਧੀਕ ਮੁੱਖ ਨਿਆਂਇਕ ਮੈਜਿਸਟ੍ਰੇਟ ਪਾਰਸ ਦਲਾਲ ਨੇ ਭਾਜਪਾ ਸੰਸਦ ਮੈਂਬਰ ਯੋਗੇਂਦਰ ਚੰਦੋਲੀਆ, ਭਾਜਪਾ ਨੇਤਾ ਆਦੇਸ਼ ਗੁਪਤਾ ਅਤੇ ਹੋਰਾਂ ਵਿਰੁੱਧ ਮਾਮਲੇ ਦੀ ਜਾਂਚ ਦੀ ਨਿਗਰਾਨੀ ਕਰਨ ਲਈ ਰਾਘਵ ਚੱਢਾ ਦੀ ਪਟੀਸ਼ਨ ਦੇ ਮੱਦੇਨਜ਼ਰ ਇਹ ਨਿਰਦੇਸ਼ ਜਾਰੀ ਕੀਤਾ।
ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 7 ਅਪਰੈਲ ਤਕ ਮੁਲਤਵੀ ਕਰ ਦਿੱਤੀ ਹੈ। ਦਿੱਲੀ ਪੁਲੀਸ ਨੇ 24 ਦਸੰਬਰ, 2020 ਨੂੰ ਦਿੱਲੀ ਜਲ ਬੋਰਡ ਹੈੱਡਕੁਆਰਟਰ ’ਤੇ ਹੋਈ ਭੰਨਤੋੜ ਦੇ ਸਬੰਧ ਵਿੱਚ ਕੋਵਿਡ ਨਿਯਮਾਂ ਦੀ ਕਥਿਤ ਉਲੰਘਣਾ ਲਈ ਐਫਆਈਆਰ ਦਰਜ ਕੀਤੀ ਸੀ। ਇਸ ਪ੍ਰਦਰਸ਼ਨ ਦੀ ਅਗਵਾਈ ਉਸ ਸਮੇਂ ਦੇ ਦਿੱਲੀ ਭਾਜਪਾ ਮੁਖੀ ਆਦੇਸ਼ ਗੁਪਤਾ ਨੇ ਕੀਤੀ ਸੀ।