ਰੁੱਸੇ ਹੋਏ ਆਗੂ ਵੀ ਪਾਰਟੀ ਦੀ ਮੈਂਬਰਸ਼ਿਪ ਭਰਤੀ ਮੁਹਿੰਮ ਦਾ ਹਿੱਸਾ ਬਣਨ: ਬਲਵਿੰਦਰ ਸਿੰਘ ਭੂੰਦੜ

ਚੰਡੀਗੜ੍ਹ, 17 ਮਾਰਚ (ਖਬ਼ਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸੰਦੇਸ਼ ਮਗਰੋਂ ਪਾਰਟੀ ਤੋਂ ਰੁੱਸੇ ਹੋਏ ਆਗੂਆਂ ਨੂੰ ਪਾਰਟੀ ਵਿਚ ਮੁੜ ਸ਼ਾਮਲ ਹੋ ਕੇ ਏਕਾ ਕਰਨ ਦੀ ਅਪੀਲ ਕੀਤੀ। ਇਹ ਅਪੀਲ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੇ ਪਾਰਲੀਮਾਨੀ ਬੋਰਡ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤੀ।

ਉਹਨਾਂ ਕਿਹਾ ਕਿ ਉਹ ਪੰਜ ਮੈਂਬਰੀ ਕਮੇਟੀ ਸਮੇਤ ਸਾਰੇ ਮੈਂਬਰਾਂ ਨੂੰ ਅਪੀਲ ਕਰਦੇ ਹਨ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਪੰਥਕ ਤਾਕਤਾਂ ਨੂੰ ਮਜ਼ਬੂਤ ਕਰਨ ਵਾਸਤੇ ਸਾਰੇ ਮਤਭੇਦ ਭੁਲਾ ਕੇ ਪੰਥ ਦੀ ਏਕਤਾ ਵਾਸਤੇ ਕੰਮ ਕਰਨ ਅਤੇ ਉਹਨਾਂ ਏਜੰਸੀਆਂ ਨੂੰ ਕਰਾਰੀ ਹਾਰ ਦੇਣ ਜੋ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਆਪਣੀ ਪੂਰੀ ਵਾਹ ਲਗਾ ਰਹੀਆਂ ਹਨ।

ਜਥੇਦਾਰ ਸਾਹਿਬ ਵੱਲੋਂ ਹੋਲੇ ਮਹੱਲੇ ’ਤੇ ਦਿੱਤੇ ਗਏ ਸੰਦੇਸ਼ ਦੀ ਗੱਲ ਕਰਦਿਆਂ ਸਰਦਾਰ ਭੂੰਦੜ ਨੇ ਕਿਹਾ ਕਿ ਇਹ ਸੱਚਾਈ ਹੈ ਕਿ ਸਿੱਖ ਇਤਿਹਾਸ ਵਿਚ ਅਜਿਹੇ ਅਨੇਕਾਂ ਹਵਾਲੇ ਹਨ ਕਿ ਜਦੋਂ ਕੌਮ ਇਕਜੁੱਟ ਹੋਈ ਤਾਂ ਇਸਨੂੰ ਅਨੇਕਾਂ ਲਾਭ ਹੋਏ ਤੇ ਸਾਨੂੰ ਇਤਿਹਾਸਕ ਤੱਥਾਂ ਤੋਂ ਸੇਧ ਲੈਣੀ ਚਾਹੀਦੀ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਰੁੱਸੇ ਹੋਏ ਆਗੂਆਂ ਨੂੰ ਅਪੀਲ ਕੀਤੀ ਸੀ ਕਿ ਉਹ ਅਕਾਲੀ ਦਲ ਦੀ ਭਰਤੀ ਮੁਹਿੰਮ ਦਾ ਹਿੱਸਾ ਬਣਨ। ਉਹਨਾਂ ਕਿਹਾ ਕਿ ਮੈਂ ਬੀਤੇ ਸਮੇਂ ਵਿਚ ਵੀ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਪਾਰਟੀ ਦੀਆਂ ਮੈਂਬਰਸ਼ਿਪ ਭਰਤੀ ਮੁਹਿੰਮ ਦੀਆਂ ਪਰਚੀਆਂ ਲੈਣ ਅਤੇ ਮੈਂਬਰਸ਼ਿਪ ਭਰਤੀ ਦਾ ਹਿੱਸਾ ਬਣਨ। ਉਹਨਾਂ ਕਿਹਾ ਕਿ ਮੈਂ ਅੱਜ ਵੀ ਮੁੜ ਦੁਹਰਾਉਂਦਾ ਹਾਂ ਅਤੇ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਮੈਂਬਰਸ਼ਿਪ ਭਰਤੀ ਦੀਆਂ ਕਾਪੀਆਂ ਲੈਣ ਅਤੇ ਪਰਚੀਆਂ ਭਰਵਾ ਕੇ ਆਪਣੀ ਪਰਚੀ ਦੇ ਡੈਲੀਗੇਟ ਬਣਵਾਉਣ ਜੋ ਜਥੇਬੰਦਕ ਚੋਣਾਂ ਦਾ ਹਿੱਸਾ ਬਣ ਸਕਣ।

ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਪਾਰਟੀ ਤਾਮਿਲਨਾਡੂ ਦੇ ਮੁੱਖ ਮੰਤਰੀ ਸ੍ਰੀ ਐਮ ਕੇ ਸਟਾਲਿਨ ਵੱਲੋਂ 22 ਮਾਰਚ ਨੂੰ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿਚ ਸ਼ਾਮਲ ਹੋਵੇਗੀ ਜਿਸ ਵਿਚ ਹੱਦਬੰਦੀ ਪ੍ਰਕਿਰਿਆ ’ਤੇ ਚਰਚਾ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਹੱਦਬੰਦੀ ਦੀ ਇਹ ਪ੍ਰਕਿਰਿਆ ਦੇਸ਼ ਵਿਚ ਅਸੰਤੁਲਨ ਪੈਦਾ ਕਰੇਗੀ ਕਿਉਂਕਿ ਅਨੇਕਾਂ ਰਾਜਾਂ ਜਿਹਨਾ ਨੇ ਫੈਮਿਲੀ ਪਲਾਨਿੰਗ ਅਪਣਲਾਈ ਹੈ, ਨੂੰ ਇਸਦਾ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਇਹ ਪ੍ਰਕਿਰਿਆ ਸੰਘੀ ਢਾਂਚੇ ਦੀ ਭਾਵਨਾ ਦੇ ਖਿਲਾਫ ਹੈ ਤੇ ਇਸਦਾ ਉੱਤਰ ਪ੍ਰਦੇਸ਼ ਵਰਗੇ ਰਾਜਾਂ ਨੂੰ ਲਾਭ ਮਿਲੇਗਾ ਜਿਥੇ ਸੀਟਾਂ ਦੀ ਗਿਣਤੀ ਵੱਧ ਕੇ 150 ਹੋ ਜਾਵੇਗੀ ਜਦੋਂ ਕਿ ਪੰਜਾਬ ਤੇ ਹਰਿਆਣਾ ਵਰਗੇ ਰਾਜਾਂ ਵਿਚ ਸੀਟਾਂ ਵਿਚ ਅੰਸ਼ਕ ਵਾਧਾ ਹੋਵੇਗਾ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਉਹਨਾਂ ਇਹ ਵੀ ਕਿਹਾ ਕਿ ਅਕਾਲੀ ਦਲ ਦਾ ਵਫਦ ਨਵੀਂ ਸਿੱਖਿਆ ਨੀਤੀ ਬਾਰੇ ਵੀ ਵਿਚਾਰ ਰੱਖੇਗਾ ਜਿਸ ਨਾਲ ਖੇਤਰੀ ਭਾਸ਼ਾਵਾਂ ਦਾ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ।

ਸਰਦਾਰ ਭੂੰਦੜ ਨੇ ਇਹ ਵੀ ਦੱਸਿਆ ਕਿ ਪਾਰਲੀਮਾਨੀ ਬੋਰਡ ਤੇ ਜ਼ਿਲ੍ਹਾ ਆਬਜ਼ਰਵਰਾਂ ਨੇ ਭਰਤੀ ਮੁਹਿੰਮ ਦੀ ਸਮੀਖਿਆ ਕੀਤੀ ਅਤੇ ਫੈਸਲਾ ਲਿਆ ਕਿ ਮੈਂਬਰਸ਼ਿਪ ਭਰਤੀ ਫਾਰਮ ਜਮ੍ਹਾਂ ਕਰਵਾਉਣ ਦੀ ਤਾਰੀਕ 25 ਮਾਰਚ ਤੱਕ ਵਧਾਈ ਜਾਵੇ। ਉਹਨਾਂ ਕਿਹਾ ਕਿ ਮੀਟਿੰਗ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਅਸਤੀਫੇ ਨੂੰ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਵੀ ਕੀਤਾ। ਉਹਨਾਂ ਕਿਹਾ ਕਿ ਮੀਟਿੰਗ ਨੇ ਵੀ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਦੇ ਅਹੁਦੇ ਦਾ ਚਾਰਜ ਮੁੜ ਸੰਭਾਲਣ ਅਤੇ ਪੰਥ ਦੀ ਸੇਵਾ ਕਰਨ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਉਹਨਾਂ ਨੇ ਇਹ ਵੀ ਦੱਸਿਆ ਕਿ ਮੀਟਿੰਗ ਨੇ ਨਵੇਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਥਕ ਏਕਤਾ ਦੇ ਦਿੱਤੇ ਸੰਦੇਸ਼ ਦਾ ਵੀ ਸਵਾਗਤ ਕੀਤਾ ਅਤੇ ਨਾਲ ਹੀ ਪੰਜਾਬ ਵਿਚ ਵੱਖ-ਵੱਖ ਫਿਰਕਿਆਂ ਨੂੰ ਵੰਡਣ ਲਈ ਬੀ ਆਰ ਅੰਬੇਡਕਰ ਦੇ ਬੁੱਤ ’ਤੇ ਹਮਲਾ ਕਰਨਾ, ਅੰਮ੍ਰਿਤਸਰ ਵਿਚ ਮੰਦਿਰ ਨੂੰ ਨਿਸ਼ਾਨਾ ਬਣਾਉਣ ਅਤੇ ਲੁਧਿਆਣਾ ਵਿਚ ਪ੍ਰਵਾਸੀਆਂ ’ਤੇ ਹਮਲੇ ਕਰਨ ਵਰਗੀਆਂ ਘਟਨਾਵਾਂ ਕਰਵਾ ਕੇ ਆਪਸੀ ਕੁੜਤਣ ਪੈਦਾ ਕਰਨ ਦਾ ਵੀ ਗੰਭੀਰ ਨੋਟਿਸ ਲਿਆ।

Leave a Reply

Your email address will not be published. Required fields are marked *