ਨਵੀਂ ਦਿੱਲੀ, 17 ਮਾਰਚ (ਖਬ਼ਰ ਖਾਸ ਬਿਊਰੋ)
ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਬਲਾਤਕਾਰ-ਕਤਲ ਮਾਮਲੇ ਵਿੱਚ ਇੱਕ ਨਵੇਂ ਘਟਨਾਕ੍ਰਮ ਵਿੱਚ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪੀੜਤਾ ਦੇ ਮਾਪਿਆਂ ਦੀ ਇੱਕ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਜਿਸ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਨਵੇਂ ਸਿਰੇ ਤੋਂ ਜਾਂਚ ਦੀ ਮੰਗ ਕੀਤੀ ਗਈ ਸੀ। ਸੀਜੇਆਈ ਖੰਨਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਪੀੜਤਾ ਦੇ ਮਾਪੇ ਕਲੱਕਤਾ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਸਕਦੇ ਹਨ।
ਇਹ ਮਾਮਲਾ, ਜਿਸਨੇ ਲੋਕਾਂ ਦਾ ਗੁੱਸਾ ਭੜਕਾਇਆ, ਕੋਲਕਾਤਾ ਸਥਿਤ ਇੱਕ ਮੈਡੀਕਲ ਇੰਸਟੀਚਿਊਟ ਦੇ ਕੈਂਪਸ ਵਿੱਚ ਇੱਕ ਪੋਸਟ ਗ੍ਰੈਜੂਏਟ ਟਰੇਨੀ ਡਾਕਟਰ ਨਾਲ ਹੋਏ ਦੁਖਦਾਈ ਬਲਾਤਕਾਰ ਅਤੇ ਕਤਲ ਨਾਲ ਸਬੰਧਤ ਹੈ।
ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਪਟੀਸ਼ਨਕਰਤਾ ਪੀੜਤਾ ਦੇ ਮਾਪੇ ਕਲਕੱਤਾ ਹਾਈ ਕੋਰਟ ਦੇ ਸਾਹਮਣੇ ਆਪਣੀ ਪਟੀਸ਼ਨ ਦੀ ਪੈਰਵੀ ਕਰਨ ਲਈ ਸੁਤੰਤਰ ਹਨ। ਅਦਾਲਤ ਨੇ ਇਸ ਪੜਾਅ ’ਤੇ ਸੀਬੀਆਈ ਦੀ ਨਵੀਂ ਜਾਂਚ ਲਈ ਕੋਈ ਵੀ ਨਿਰਦੇਸ਼ ਜਾਰੀ ਕਰਨ ਤੋਂ ਗੁਰੇਜ਼ ਕੀਤਾ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਹੋਰ ਵਿਚਾਰ ਲਈ ਰਾਜ ਦੀ ਨਿਆਂਪਾਲਿਕਾ ਨੂੰ ਵਾਪਸ ਭੇਜ ਦਿੱਤਾ। ਪੀੜਤ ਪਰਵਾਰ ਦੀ ਨੁਮਾਇੰਦਗੀ ਸੀਨੀਅਰ ਵਕੀਲ ਕਰੁਣਾ ਨੰਦੀ ਨੇ ਕੀਤੀ। ਸੀਬੀਆਈ ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਏਜੰਸੀ ਦਾ ਪੱਖ ਪੇਸ਼ ਕੀਤਾ।