ਘਨੌਲੀ, 13 ਮਾਰਚ (ਖਬ਼ਰ ਖਾਸ ਬਿਊਰੋ)
ਇੱਥੇ ਸੜਕ ਕਿਨਾਰੇ ਖੜ੍ਹੀ ਜੁਗਾੜੂ ਰੇਹੜੀ ਨਾਲ ਤੇਜ਼ ਰਫਤਾਰ ਕਾਰ ਟਕਰਾਉਣ ਕਾਰਨ ਰੇਹੜੀ ਵਿੱਚ ਸਵਾਰ ਬੱਚਿਆਂ ਸਮੇਤ 7 ਜਣੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇਕ ਮਹਿਲਾ ਦੀ ਮੌਤ ਹੋ ਗਈ। ਘਨੌਲੀ ਪੁਲੀਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਵਿਕਾਸ ਪੁੱਤਰ ਕ੍ਰਿਸ਼ਨ ਚੰਦ ਆਪਣੀ ਪਤਨੀ ਕਵਿਤਾ, ਬੱਚਿਆਂ ਸ਼ਿਵਾਨੀ, ਦਿਵਿਆ ਅਤੇ ਦੇਵ ਤੋਂ ਇਲਾਵਾ ਮਾਤਾ ਕਮਲੇਸ਼ ਤੇ ਪਿਤਾ ਕ੍ਰਿਸ਼ਨ ਚੰਦ ਸਮੇਤ ਆਪਣੀ ਜੁਗਾੜੂ ਰੇਹੜੀ ਰਾਹੀਂ ਪੀਰ ਨਿਗਾਹੇ ਤੋਂ ਮੱਥਾ ਟੇਕਣ ਉਪਰੰਤ ਵਾਪਸ ਆਪਣੇ ਘਰ ਕਰਨਾਲ ਪਰਤ ਰਿਹਾ ਸੀ। ਜਦੋਂ ਉਹ ਘਨੌਲੀ ਵਿਖੇ ਗੁਰਬਖਸ਼ ਢਾਬੇ ਨੇੜੇ ਪੁੱਜੇ ਤਾਂ ਉਨ੍ਹਾਂ ਦੀ ਰੇਹੜੀ ਦੇ ਮੋਟਰਸਾਈਕਲ ਦਾ ਤੇਲ ਖਤਮ ਹੋ ਗਿਆ। ਜਦੋਂ ਵਿਕਾਸ ਨੇੜਲੇ ਪੈਟਰੋਲ ਪੰਪ ਤੋਂ ਬੋਤਲ ਰਾਹੀਂ ਤੇਲ ਲਿਆ ਕੇ ਮੋਟਰਸਾਈਕਲ ਵਿੱਚ ਪਾ ਰਿਹਾ ਸੀ ਤਾਂ ਇਸੇ ਦੌਰਾਨ ਇੱਕ ਤੇਜ਼ ਰਫਤਾਰ ਕਾਰ ਨੇ ਰੇਹੜੀ ਨੂੰ ਪਿਛਿਉਂ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਰੇਹੜੀ ਸੜਕ ਤੋਂ ਹੇਠਾਂ ਖਦਾਨਾਂ ਵਿੱਚ ਜਾ ਡਿੱਗੀ। ਰੇਹੜੀ ਤੋਂ ਹੇਠਾਂ ਡਿੱਗੀ ਕਵਿਤਾ ਨੂੰ ਕਾਰ ਕਾਫੀ ਦੂਰ ਤੱਕ ਸੜਕ ’ਤੇ ਘੜੀਸਦੀ ਹੋਈ ਲੈ ਗਈ। ਇਸ ਦੌਰਾਨ ਰੇਹੜੀ ਚਾਲਕ ਤੇ ਰੇਹੜੀ ਵਿੱਚ ਸਵਾਰ ਸਾਰੇ ਮੁਸਾਫਿਰ (4 ਬਾਲਗ ਤੇ 3 ਬੱਚੇ) ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਕਵਿਤਾ(30) ਦੀ ਮੌਤ ਹੋ ਗਈ।