ਢਾਕਾ, 13 ਮਾਰਚ (ਖਬ਼ਰ ਖਾਸ ਬਿਊਰੋ)
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਜ਼ 10 ਲੱਖ ਤੋਂ ਵੱਧ ਰੋਹਿੰਗਿਆ ਸ਼ਰਨਾਰਥੀਆਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਚਾਰ ਦਿਨਾ ਦੌਰੇ ’ਤੇ ਬੰਗਲਾਦੇਸ਼ ਪਹੁੰਚੇ ਹਨ। ਗੁਟੇਰੇਜ਼ ਅਜਿਹੇ ਮੌਕੇ ਢਾਕਾ ਪਹੁੰਚੇ ਹਨ ਜਦੋਂ ਰੋਹਿੰਗਿਆ ਸ਼ਰਨਾਰਥੀਆਂ ਨੂੰ ਸਹਾਇਤਾ ਵਿਚ ਕਟੌਤੀਆਂ ਦਾ ਡਰ ਸਤਾ ਰਿਹਾ ਹੈ।
ਬੰਗਲਾਦੇਸ਼ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਤੌਹੀਦ ਹੁਸੈਨ ਨੇ ਢਾਕਾ ਦੇ ਮੁੱਖ ਹਵਾਈ ਅੱਡੇ ’ਤੇ ਗੁਟੇਰੇਜ਼ ਦਾ ਸਵਾਗਤ ਕੀਤਾ।
ਗੁਟੇਰੇਜ਼ ਦਾ ਇਹ ਦੂਜਾ ਬੰਗਲਾਦੇਸ਼ੀ ਦੌਰਾ ਹੈ। ਵਾਸ਼ਿੰਗਟਨ ਵੱਲੋਂ USAID ਕਾਰਜਾਂ ਨੂੰ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਵਿਸ਼ਵ ਖੁਰਾਕ ਪ੍ਰੋਗਰਾਮ ਤਹਿਤ ਰੋਹਿੰਗਿਆ ਸ਼ਰਨਾਰਥੀਆਂ ਨੂੰ ਸਹਾਇਤਾ ਵਿਚ ਸੰਭਾਵੀ ਕਟੌਤੀ ਦੇ ਐਲਾਨ ਮਗਰੋਂ ਗੁਟੇਰੇਜ਼ ਦੀ ਇਸ ਫੇਰੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਬੰਗਲਾਦੇਸ਼ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਗੱਦੀਓਂ ਲਾਹੁਣ ਤੋਂ ਬਾਅਦ ਅਗਸਤ ਵਿੱਚ ਸੱਤਾ ਵਿੱਚ ਆਈ ਅੰਤਰਿਮ ਸਰਕਾਰ ਨੂੰ ਉਮੀਦ ਹੈ ਕਿ ਗੁਟੇਰੇਜ਼ ਦੀ ਇਹ ਫੇਰੀ ਰੋਹਿੰਗਿਆ ਸ਼ਰਨਾਰਥੀਆਂ ਲਈ ਸਹਾਇਤਾ ਜੁਟਾਉਣ ਲਈ ਕੌਮਾਂਤਰੀ ਕੋਸ਼ਿਸ਼ਾਂ ਨੂੰ ਮਜ਼ਬੂਤ ਕਰੇਗੀ ਅਤੇ ਰੋਹਿੰਗਿਆ ਸੰਕਟ ਵੱਲ ਨਵਾਂ ਵਿਸ਼ਵਵਿਆਪੀ ਧਿਆਨ ਆਕਰਸ਼ਿਤ ਕਰੇਗੀ।