ਨਵੀਂ ਦਿੱਲੀ, 13 ਮਾਰਚ (ਖਬ਼ਰ ਖਾਸ ਬਿਊਰੋ)
ਸੀਬੀਐੱੱਸਈ ਨੇ ਅੱਜ ਐਲਾਨ ਕੀਤਾ ਕਿ ਹੋਲੀ ਦੇ ਤਿਓਹਾਰ ਕਰਕੇ 15 ਮਾਰਚ ਲਈ ਤਜਵੀਜ਼ਤ ਹਿੰਦੀ ਦੀ ਪ੍ਰੀਖਿਆ ਵਿਚ ਨਾ ਬੈਠ ਸਕਣ ਵਾਲੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੇਪਰ ਦੇਣ ਦਾ ਇਕ ਹੋਰ ਮੌਕਾ ਮਿਲੇਗਾ।
ਸੀਬੀਐੱਸਈ ਦੇ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ, ‘‘ਸੀਬੀਆਈ ਨੂੰ ਇਹ ਦੱਸ ਦਿੱਤਾ ਗਿਆ ਹੈ ਕਿ ਹੋਲੀ ਦਾ ਤਿਓਹਾਰ ਦੇਸ਼ ਦੇ ਬਹੁਤੇ ਹਿੱਸਿਆਂ ਵਿਚ ਭਾਵੇਂ 14 ਮਾਰਚ ਨੂੰ ਮਨਾਇਆ ਜਾਣਾ ਹੈ, ਪਰ ਕੁਝ ਥਾਵਾਂ ਉੱਤੇ ਇਹ ਤਿਓਹਾਰ 15 ਮਾਰਚ ਨੂੰ ਮਨਾਇਆ ਜਾਵੇਗਾ ਜਾਂ ਫਿਰ ਇਹ ਤਿਓਹਾਰ ਸ਼ਾਇਦ 15 ਮਾਰਚ ਨੂੰ ਹੀ ਮਨਾਇਆ ਜਾਵੇ।’’
ਭਾਰਦਵਾਜ ਨੇ ਕਿਹਾ ਕਿ ਲੋੜੀਂਦੀ ਫੀਡਬੈਕ ਮਗਰੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਹਿੰਦੀ ਦਾ ਪੇਪਰ ਪਹਿਲਾਂ ਮਿੱਥੇ ਸ਼ਡਿਊਲ ਮੁਤਾਬਕ ਹੀ ਲਿਆ ਜਾਵੇਗਾ, ਪਰ ਜਿਹੜੇ ਵਿਦਿਆਰਥੀ 15 ਫਰਵਰੀ ਨੂੰ ਪ੍ਰੀਖਿਆ ਵਿਚ ਨਹੀਂ ਬੈਠਦੇ, ਉਨ੍ਹਾਂ ਨੂੰ ਬਾਅਦ ਵਿਚ ਕਿਸੇ ਤਰੀਕ ’ਤੇ ਇਹ ਪੇਪਰ ਦੇਣ ਦਾ ਮੌਕਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ, ‘‘ਇਹ ਫੈਸਲਾ ਕੀਤਾ ਗਿਆ ਹੈ ਕਿ ਅਜਿਹੇ ਵਿਦਿਆਰਥੀਆਂ ਨੂੰ ਬੋਰਡ ਦੀ ਪਾਲਿਸੀ ਮੁਤਾਬਕ ਕੌਮੀ ਜਾਂ ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਵਾਸਤੇ ਲਈ ਜਾਂਦੀ ਵਿਸ਼ੇਸ਼ ਪ੍ਰੀਖਿਆ ਵਿਚ ਬੈਠਣ ਦਾ ਮੌਕਾ ਦਿੱਤਾ ਜਾਵੇਗਾ।’’