ਅੰਤ੍ਰਿੰਗ ਕਮੇਟੀ ਮੈਂਬਰ ਫੈਸਲੇ ਖਿਲਾਫ ਡਟਣ, ਨਹੀਂ ਫਿਰ ਸੰਗਤ ਨੂੰ ਸਮਾਜਿਕ ਬਾਈਕਾਟ ਲਈ ਮਜਬੂਰ ਹੋਣਾ ਪਵੇਗਾ
ਚੰਡੀਗੜ 13 ਮਾਰਚ (ਖਬ਼ਰ ਖਾਸ ਬਿਊਰੋ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਬਰ ਅਤੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਜਾਰੀ ਬਿਆਨ ਵਿੱਚ ਕਿਹਾ ਅੰਤ੍ਰਿੰਗ ਕਮੇਟੀ ਦੇ ਪੰਥ ਵਿਰੋਧੀ ਫੈਸਲਿਆਂ ਨਾਲ ਨਰਾਜ਼ਗੀ ਅਤੇ ਗੁੱਸਾ ਹਰ ਪਿੰਡ ਹਰ ਸ਼ਹਿਰ ਤੱਕ ਪਹੁੰਚ ਚੁੱਕਾ ਹੈ। ਸੰਗਤ ਵਿੱਚ ਉਠੇ ਗੁੱਸੇ ਤੋ ਪੰਥ ਵਿਰੋਧੀ ਧੜੇ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੌਮ ਅਜਿਹੇ ਫੈਸਲੇ ਬਰਦਾਸ਼ਤ ਨਹੀਂ ਕਰੇਗੀ। ਇਸ ਮੰਦਭਾਗੇ ਪੰਥ ਵਿਰੋਧੀ ਫੈਸਲਿਆਂ ਨਾਲ ਕੌਮ ਅਤੇ ਪੰਥਕ ਹਿੱਤਾਂ ਨੂੰ ਵੱਡੀ ਸੱਟ ਲੱਗੀ ਹੈ।
ਜਾਰੀ ਬਿਆਨ ਵਿੱਚ ਓਹਨਾ ਕਿਹਾ, ਅੱਜ ਸੰਗਤ ਆਮ ਮੁਹਾਰੇ ਅੰਤ੍ਰਿੰਗ ਕਮੇਟੀ ਮੈਂਬਰਾਂ ਦੇ ਘਰਾਂ ਨੂੰ ਘੇਰ ਕੇ ਵਿਰੋਧ ਜਤਾ ਰਹੇ ਹਨ। ਇਸੇ ਵਿਰੋਧਤਾ ਦੀ ਲੜੀ ਤਹਿਤ ਅੱਜ ਅਮਲੋਹ ਵਿਖੇ ਅੰਤ੍ਰਿੰਗ ਕਮੇਟੀ ਮੈਂਬਰ ਰਵਿੰਦਰ ਸਿੰਘ ਖਾਲਸਾ ਅਤੇ ਬਰਨਾਲਾ ਵਿਖੇ ਅੰਤ੍ਰਿੰਗ ਕਮੇਟੀ ਮੈਬਰ ਪਰਮਜੀਤ ਸਿੰਘ ਖਾਲਸਾ ਦੇ ਘਰ ਦਾ ਘਿਰਾਓ ਕੀਤਾ ਗਿਆ।
ਇਸ ਗੁੱਸੇ ਨੂੰ ਸਮਝਦੇ ਹੋਏ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਪੰਥ ਦੇ ਹਿਤਾਂ ਵਿੱਚ ਖੜਨ ਦੀ ਤਕੀਦ ਕਰਦਿਆਂ ਮੈਂਬਰਾਂ ਨੇ ਕਿਹਾ ਕਿ, ਇਹ ਲੜਾਈ ਵਿਅਕਤੀ ਵਿਸ਼ੇਸ਼ ਨਾਲ ਨਹੀਂ, ਸਗੋ ਪੰਥਕ ਮਰਿਯਾਦਾ ਨੂੰ ਭੰਗ ਕਰਨ ਵਾਲਿਆਂ ਖਿਲਾਫ਼ ਹੈ।
ਇਸ ਦੇ ਨਾਲ ਹੀ ਓਹਨਾ, ਕਿਹਾ ਕਿ ਸਮੁੱਚੇ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਸੰਗਤ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਪਿਛਲੇ ਦਿਨੀਂ ਹੋਏ ਪੰਥ ਵਿਰੋਧੀ ਫੈਸਲਿਆਂ ਨੂੰ ਰੱਦ ਕਰਵਾਉਣ ਲਈ ਆਵਾਜ ਚੁੱਕਣੀ ਚਾਹੀਦੀ ਹੈ। ਜੇਕਰ ਅੰਤ੍ਰਿੰਗ ਕਮੇਟੀ ਮੈਬਰਾਂ ਦਾ ਵਰਤਾਰਾ ਪੰਥ ਵਿਰੋਧੀ ਕਤਾਰ ਵਾਲਾ ਰਿਹਾ ਤਾਂ ਸੰਗਤ ਇਹਨਾ ਮੈਂਬਰਾਂ ਦਾ ਸਮਾਜਿਕ ਬਾਈਕਾਟ ਕਰਨ ਲਈ ਮਜਬੂਰ ਹੋਵੇਗੀ।