ਲੁਧਿਆਣਾ, 13 ਮਾਰਚ (ਖਬ਼ਰ ਖਾਸ ਬਿਊਰੋ)
ਲੁਧਿਆਣਾ ’ਚ ਸਨਅਤਕਾਰ ਅਤੇ ਸਾਬਕਾ ਯੂਥ ਅਕਾਲੀ ਦਲ ਆਗੂ ਰਿਸ਼ੀ ਬਾਂਡਾ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬਾਂਡਾ ਦਸੰਬਰ 2012 ਵਿਚ ਇਕ ਉੱਚ ਪੁਲਿਸ ਅਧਿਕਾਰੀ ’ਤੇ ਹਮਲਾ ਕਰ ਕੇ ਸੁਰਖ਼ੀਆਂ ਵਿਚ ਆਇਆ ਸੀ। ਹੁਣ ਬਾਂਡਾ ਆਪਣੀ ਪਤਨੀ ’ਤੇ ਹਮਲਾ ਕਰਨ ਅਤੇ ਗਲਾ ਘੁੱਟਣ ਦੀ ਕੋਸ਼ਿਸ਼ ਕਰਨ ਲਈ ਫੜਿਆ ਗਿਆ ਹੈ।
ਇਹ ਘਟਨਾ ਟੈਗੋਰ ਨਗਰ ਸਥਿਤ ਉਸ ਦੇ ਘਰ ’ਤੇ ਵਾਪਰੀ, ਜਿੱਥੇ ਪੈਸੇ ਦੇਣ ’ਚ ਮਾਮੂਲੀ ਦੇਰੀ ’ਤੇ ਬਾਂਡਾ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਗੀਤਾਂਜਲੀ (45) ਦੀ ਕੁੱਟਮਾਰ ਕੀਤੀ। ਪੁਲਿਸ ਨੇ ਬਾਂਡਾ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਪੁੱਛਗਿੱਛ ਲਈ ਉਸ ਦਾ ਦੋ ਦਿਨ ਦਾ ਰਿਮਾਂਡ ਲਿਆ ਹੈ। ਆਪਣੀ ਸ਼ਿਕਾਇਤ ਵਿੱਚ ਗੀਤਾਂਜਲੀ ਨੇ ਦੱਸਿਆ ਕਿ 3 ਮਾਰਚ ਨੂੰ ਜਦੋਂ ਉਹ ਘਰ ਵਿੱਚ ਟੀਵੀ ਦੇਖ ਰਹੀ ਸੀ ਤਾਂ ਉਸ ਦੇ ਪਤੀ ਨੇ ਉਸ ਨੂੰ ਅਲਮਾਰੀ ਵਿੱਚੋਂ ਪੈਸੇ ਲਿਆਉਣ ਲਈ ਕਿਹਾ। ਹਾਲਾਂਕਿ, ਜਦੋਂ ਉਸ ਨੂੰ ਪੈਸੇ ਲਿਆਉਣ ’ਚ ਕੁਝ ਸਮਾਂ ਲਗਿਆ ਤਾਂ ਬਾਂਡਾ ਕਥਿਤ ਤੌਰ ’ਤੇ ਗੁੱਸੇ ’ਚ ਆ ਗਿਆ ਅਤੇ ਉਸਨੂੰ ਕਈ ਥੱਪੜ ਮਾਰੇ, ਚੱਪਲਾਂ ਨਾਲ ਕੁੱਟਿਆ ਅਤੇ ਅਲਮਾਰੀ ’ਤੇ ਉਸ ਦਾ ਸਿਰ ਮਾਰਨ ਤੋਂ ਪਹਿਲਾਂ ਉਸਦਾ ਗਲਾ ਘੁੱਟਣ ਦੀ ਕੋਸ਼ਿਸ਼ ਵੀ ਕੀਤੀ। ਉਸਨੇ ਦਾਅਵਾ ਕੀਤਾ ਕਿ ਜੇਕਰ ਘਰੇਲੂ ਸਹਾਇਕਾਂ ਨੇ ਦਖ਼ਲ ਨਾ ਦਿੱਤਾ ਹੁੰਦਾ, ਤਾਂ ਸ਼ਾਇਦ ਉਹ ਬਚ ਨਹੀਂ ਸਕਦੀ ਸੀ।
ਅਗਲੇ ਦਿਨ ਜਦੋਂ ਉਸਨੇ ਆਪਣੇ ਪਤੀ ਨੂੰ ਖੋਹਿਆ ਫ਼ੋਨ ਵਾਪਸ ਕਰਨ ਲਈ ਕਿਹਾ ਤਾਂ ਜੋ ਉਹ ਆਪਣੀ ਧੀ ਨਾਲ ਗੱਲ ਕਰ ਸਕੇ, ਤਾਂ ਬਾਂਡਾ ਨੇ ਕਥਿਤ ਤੌਰ ’ਤੇ ਚੱਪਲਾਂ ਨਾਲ ਉਸਨੂੰ ਦੁਬਾਰਾ ਕੁੱਟਿਆ, ਜਿਸ ਨਾਲ ਉਸ ਨੂੰ ਕਈ ਸੱਟਾਂ ਵੀ ਲਗੀਆਂ। ਉਸ ਨੇ ਦਸਿਆ ਕਿ 7 ਮਾਰਚ ਨੂੰ ਉਹ ਆਪਣੇ ਪੇਕੇ ਘਰ ਗਈ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਥਾਣਾ ਡਵੀਜ਼ਨ ਨੰਬਰ 8 ਦੇ ਐਸਐਚਓ ਇੰਸਪੈਕਟਰ ਦਵਿੰਦਰ ਸ਼ਰਮਾ ਨੇ ਪੁਸ਼ਟੀ ਕੀਤੀ ਕਿ ਬਾਂਡਾ ਵਿਰੁਧ ਭਾਰਤੀ ਨਿਆਂ ਜ਼ਾਬਤਾ (ਬੀ) ਦੀ ਧਾਰਾ 115 (2) (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ), 351 (2) (ਅਪਰਾਧਿਕ ਧਮਕੀ) ਅਤੇ 110 (ਦੋਸ਼ੀ ਕਤਲ ਕਰਨ ਦੀ ਕੋਸ਼ਿਸ਼) ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਐਫ਼ਆਈਆਰ ਦਰਜ ਹੋਣ ਤੋਂ ਤੁਰਤ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।